ਬਰਫ ਨਾਲ ਜੰਮੀ ਝੀਲ ''ਚੋਂ ਕੱਢੀ ਗਈ ਵਿਅਕਤੀ ਦੀ ਲਾਸ਼, ਮੱਛੀਆਂ ਫੜਨ ਦੌਰਾਨ ਹੋਇਆ ਸੀ ਹਾਦਸਾ

02/20/2017 5:39:23 PM

ਹੈਮਿਲਟਨ— ਓਨਟਾਰੀਓ ਦੇ ਉੱਤਰੀ ਕੰਜ਼ਰਵੇਸ਼ਨ ਖੇਤਰ ਵਿਚ ਸ਼ਨੀਵਾਰ ਨੂੰ ਮੱਛੀਆਂ ਫੜਨ ਤੋਂ ਦੌਰਾਨ ਬਰਫ ਨਾਲ ਜੰਮੀ ਝੀਲ ਵਿਚ ਡਿਗੇ 68 ਸਾਲਾ ਵਿਅਕਤੀ ਦੀ ਲਾਸ਼ ਮਿਲ ਗਈ ਹੈ। ਵਿਅਕਤੀ ਦੇ ਬਰਫ ਨਾਲ ਜੰਮੀ ਝੀਲ ਵਿਚ ਡਿਗਣ ਤੋਂ ਬਾਅਦ ਐਤਵਾਰ ਸਵੇਰੇ ਪਾਣੀ ਦੇ ਹੇਠਾਂ ਖੋਜ ਕਰਨ ਵਾਲੇ ਅਮਲੇ ਦੇ ਮੁਲਾਜ਼ਮ ਉੱਥੇ ਪਹੁੰਚ ਗਏ। ਉਨ੍ਹਾਂ ਨੇ 45 ਮਿੰਟਾਂ ਦੇ ਅੰਦਰ ਹੀ ਵਿਅਕਤੀ ਦੀ ਲਾਸ਼ ਪਾਣੀ ''ਚੋਂ ਬਾਹਰ ਕੱਢ ਲਈ। ਮ੍ਰਿਤਕ ਵਿਅਕਤੀ ਦੀ ਪਛਾਣ ਹੈਮਿਲਟਨ ਦੇ ਰਹਿਣ ਵਾਲੇ ਜਾਨੀ ਡਾਲੀਯਾਨਾਜ਼ਲੋਅ ਦੇ ਰੂਪ ਵਿਚ ਹੋਈ ਹੈ। 
ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਵਿਅਕਤੀ ਦੇ ਝੀਲ ਵਿਚ ਡਿਗਣ ਤੋਂ ਬਾਅਦ ਪਹੁੰਚੇ ਰਾਹਤ ਅਤੇ ਬਚਾਅ ਕਰਮੀਆਂ ਨੇ ਉਸ ਨੂੰ ਬਾਹਰ ਕੱਢਣ ਦੀ ਕਾਫੀ ਕੋਸ਼ਿਸ਼ ਕੀਤੀ ਸੀ ਪਰ ਉਸ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ। ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਦੇ ਨਾਲ ਲੜਕਾ ਵੀ ਝੀਲ ਵਿਚ ਡਿੱਗ ਗਿਆ ਸੀ, ਜਿਸ ਨੂੰ ਉੱਥੇ ਖੜ੍ਹੇ ਲੋਕਾਂ ਨੇ ਤੁਰੰਤ ਬਾਹਰ ਖਿੱਚ ਲਿਆ ਸੀ। ਜਦੋਂ ਜਾਨੀ ਮੱਛੀਆਂ ਫੜ੍ਹ (ਆਈਸ ਫਿਸ਼ਿੰਗ) ਰਿਹਾ ਸੀ ਤਾਂ ਉਸ ਸਮੇਂ ਉੱਥੇ ਇਹ ਬਰਲਿੰਗਟਨ ਦਾ ਰਹਿਣ ਵਾਲਾ 9 ਸਾਲਾ ਬੱਚਾ ਵੀ ਸਕੇਟਿੰਗ ਕਰ ਰਿਹਾ ਸੀ। ਜਦੋਂ ਜਾਨੀ ਬਰਫ ਨਾਲ ਜੰਮੀ ਝੀਲ ਵਿਚ ਡਿੱਗਿਆ ਤਾਂ ਇਸ ਬੱਚੇ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਉਹ ਖੁਦ ਵੀ ਝੀਲ ਵਿਚ ਡਿੱਗ ਗਿਆ। ਕੋਲ ਖੜ੍ਹੇ ਲੋਕਾਂ ਨੇ ਉਸ ਨੂੰ ਤੁਰੰਤ ਬਾਹਰ ਕੱਢ ਲਿਆ ਪਰ ਉਹ ਜਾਨੀ ਨੂੰ ਨਹੀਂ ਬਚਾਅ ਸਕੇ। ਝੀਲ ''ਚ ਡਿਗੇ ਵਿਅਕਤੀ ਨੂੰ ਬਚਾਉਣ ਦੀਆਂ ਕਾਫੀ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਸਫਲਤਾ ਨਹੀਂ ਮਿਲੀ। ਮੰਨਿਆ ਜਾ ਰਿਹਾ ਹੈ ਕਿ ਮ੍ਰਿਤਕ ਵਿਅਕਤੀ ਬੱਚੇ ਦਾ ਚਾਚਾ ਹੀ ਸੀ।

Kulvinder Mahi

News Editor

Related News