ਬ੍ਰਿਟਿਸ਼ ਸੰਸਦ ਦੀਆਂ ਕੰਧਾਂ ’ਚ ਤਰੇੜਾਂ, ਛੱਤ ਲੀਕ ਹੋਣ ਲੱਗੀ ; ਡਿੱਗਣ ਦਾ ਖ਼ਤਰਾ
Thursday, May 18, 2023 - 05:23 PM (IST)
ਲੰਡਨ (ਭਾਸ਼ਾ)- ਬ੍ਰਿਟਿਸ਼ ਪਾਰਲੀਮੈਂਟ ਦਾ ਆਰਕੀਟੈਕਚਰ ਪੂਰੀ ਦੁਨੀਆ ਵਿਚ ਮਸ਼ਹੂਰ ਹੈ ਅਤੇ ਇਸ ਨੂੰ ਯੂਨੈਸਕੋ ਦੀ ਵਿਸ਼ਵ ਵਿਰਾਸਤ ਸਾਈਟ ਦਾ ਦਰਜਾ ਵੀ ਪ੍ਰਾਪਤ ਹੈ। ਹਰ ਸਾਲ ਔਸਤਨ 10 ਲੱਖ ਲੋਕ ਇਸ ਇਮਾਰਤ ਨੂੰ ਦੇਖਣ ਆਉਂਦੇ ਹਨ। ਬ੍ਰਿਟੇਨ ਦੇ ਸੰਸਦ ਮੈਂਬਰਾਂ ਨੇ ਬੁੱਧਵਾਰ ਨੂੰ ਚਿਤਾਵਨੀ ਦਿੱਤੀ ਕਿ ਸੰਸਦ ਭਵਨ ਦੀਆਂ ਕੰਧਾਂ ’ਚ ਤਰੇੜਾਂ ਵਧ ਰਹੀਆਂ ਹਨ ਅਤੇ ਇਸ ਦੀ ਛੱਤ ਤੋਂ ਪਾਣੀ ਵੀ ਲੀਕ ਹੋ ਰਿਹਾ ਹੈ। ਉਨ੍ਹਾਂ ਖਦਸ਼ਾ ਜ਼ਾਹਰ ਕੀਤਾ ਕਿ ਇਮਾਰਤ ਕਿਸੇ ਵੀ ਸਮੇਂ ਡਿੱਗ ਸਕਦੀ ਹੈ।
ਹਾਊਸ ਆਫ ਕਾਮਨਜ਼ ਦੀ ਪਬਲਿਕ ਅਕਾਊਂਟਸ ਕਮੇਟੀ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਬ੍ਰਿਟਿਸ਼ ਸੰਸਦ ਦੀ ਛੱਤ ਤੋਂ ਪਾਣੀ ਟਪਕ ਰਿਹਾ ਹੈ, ਇਸ ਦੀਆਂ ਕੰਧਾਂ ਵਿਚ ਤਰੇੜਾਂ ਆ ਰਹੀਆਂ ਹਨ ਅਤੇ ਇਮਾਰਤ ਦੇ ਡਿੱਗਣ ਦਾ ਖ਼ਤਰਾ ਬਰਕਰਾਰ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮੁਰੰਮਤ ਦਾ ਕੰਮ ਲੰਬੇ ਸਮੇਂ ਤੋਂ ਲਟਕਿਆ ਹੋਇਆ ਹੈ ਅਤੇ ਇਸ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਿਸੇ ਤਬਾਹੀ ਕਾਰਨ ਇਮਾਰਤ ਦੇ ਡਿੱਗਣ ਦਾ ਖਤਰਾ ਹੈ, ਜੋ ਲਗਾਤਾਰ ਵਧ ਰਿਹਾ ਹੈ। ਕਮੇਟੀ ਨੇ ਕਿਹਾ ਕਿ 19ਵੀਂ ਸਦੀ ਦੀ ਇਸ ਇਮਾਰਤ ’ਤੇ ਮੁਰੰਮਤ ਦਾ ਕੰਮ ਬਹੁਤ ਹੌਲੀ ਰਫ਼ਤਾਰ ਨਾਲ ਚੱਲ ਰਿਹਾ ਹੈ, ਜਿਸ ’ਤੇ ਹਰ ਹਫਤੇ 20 ਲੱਖ ਪੌਂਡ ਖਰਚ ਹੋ ਰਿਹਾ ਹੈ।