ਓਂਟਾਰੀਓ ''ਚ ਕੋਰੋਨਾ ਦੇ 2300 ਤੋਂ ਵੱਧ ਮਾਮਲੇ ਹੋਏ ਦਰਜ
Monday, Dec 21, 2020 - 12:02 PM (IST)
ਓਂਟਾਰੀਓ- ਕੈਨੇਡਾ ਦੇ ਸੂਬੇ ਓਂਟਾਰੀਓ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਬੀਤੇ ਦਿਨ ਇੱਥੇ ਕੋਰੋਨਾ ਪੀੜਤਾਂ ਦੀ ਗਿਣਤੀ 2300 ਤੋਂ ਵੱਧ ਦਰਜ ਕੀਤੀ ਗਈ।
ਮਾਹਰਾਂ ਮੁਤਾਬਕ ਸੂਬੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਬੀਤੇ ਦਿਨ 2,316 ਦਰਜ ਕੀਤੀ ਗਈ। ਹਾਲਾਂਕਿ, ਸ਼ਨੀਵਾਰ ਨੂੰ 2,357 ਕੋਰੋਨਾ ਮਾਮਲੇ ਦਰਜ ਕੀਤੇ ਹਨ ਅਤੇ ਇਸ ਤੋਂ ਪਹਿਲਾਂ 17 ਦਸੰਬਰ ਨੂੰ 2,432 ਮਾਮਲੇ ਦਰਜ ਹੋਏ ਸਨ।
ਬੀਤੇ 24 ਘੰਟਿਆਂ ਦੌਰਾਨ 69,000 ਲੋਕਾਂ ਦੇ ਕੋਰੋਨਾ ਟੈਸਟ ਕੀਤੇ ਗਏ ਹਨ। ਸੂਬੇ ਵਿਚ ਕੋਰੋਨਾ ਪਾਜ਼ੀਟਿਵ ਮਾਮਲੇ 3.6 ਫ਼ੀਸਦੀ ਵੱਧ ਰਹੇ ਹਨ। ਇਸ ਤੋਂ ਪਹਿਲਾਂ 5 ਫ਼ੀਸਦੀ ਘੱਟ ਮਾਮਲੇ ਦਰਜ ਹੋਏ ਸਨ। ਪਿਛਲੇ ਹਫਤੇ ਤੋਂ ਕੋਰੋਨਾ ਦੇ ਮਾਮਲੇ ਸੂਬੇ ਵਿਚ ਵੱਧਦੇ ਜਾ ਰਹੇ ਹਨ। ਜਿੱਥੇ ਇਹ ਮਾਮਲੇ 1,839 ਦਰਜ ਹੁੰਦੇ ਸਨ, ਉੱਥੇ ਹੁਣ ਇਹ ਮਾਮਲੇ 2,249 ਤੋਂ ਵੱਧ ਦਰਜ ਹੋ ਰਹੇ ਹਨ।
ਬੀਤੇ 24 ਘੰਟਿਆਂ ਦੌਰਾਨ ਸੂਬੇ ਵਿਚ ਕੋਰੋਨਾ ਕਾਰਨ 25 ਲੋਕਾਂ ਦੀ ਮੌਤ ਹੋ ਗਈ, ਇਨ੍ਹਾਂ ਵਿਚੋਂ 18 ਲਾਂਗ ਟਰਮ ਕੇਅਰ ਫੈਸਿਲਟੀ ਨਾਲ ਸਬੰਧਤ ਹਨ। 162 ਐਕਟਿਵ ਮਾਮਲੇ ਲਾਂਗ ਟਰਮ ਕੇਅਰ ਹੋਮਜ਼ ਨਾਲ ਸਬੰਧਤ ਹਨ। ਸੂਬੇ ਵਿਚ ਕੋਰੋਨਾ ਦੇ 18,567 ਸਰਗਰਮ ਮਾਮਲੇ ਹਨ। ਸੂਬੇ ਵਿਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 4,150 ਹੋ ਗਈ ਹੈ। ਹਸਪਤਾਲਾਂ ਵਿਚ 900 ਤੋਂ ਵੱਧ ਲੋਕ ਇਲਾਜ ਕਰਵਾ ਰਹੇ ਹਨ।