ਕੈਨੇਡੀਅਨ ਡਾਕਟਰਾਂ ਦੀ ਅਪੀਲ, ਕਿਹਾ- 'ਕੋਰੋਨਾ ਤੋਂ ਬਚੋ, ਅਸੀਂ ਰੋਜ਼ਾਨਾ ਲੋਕਾਂ ਨੂੰ ਮਰਦੇ ਦੇਖ ਰਹੇ'
Monday, Dec 07, 2020 - 05:21 PM (IST)
ਐਡਮਿੰਟਨ- ਕੈਨੇਡਾ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਇਸ 'ਤੇ ਚਿੰਤਾ ਪ੍ਰਗਟ ਕਰਦਿਆਂ ਡਾਕਟਰਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਕੋਰੋਨਾ ਤੋਂ ਬਚ ਕੇ ਰਹਿਣ। ਉਨ੍ਹਾਂ ਕਿਹਾ ਕਿ ਕਿ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਉਹ ਕੋਰੋਨਾ ਵਾਇਰਸ ਦੇ ਹੋਣ ਵਿਚ ਵਿਸ਼ਵਾਸ ਨਹੀਂ ਰੱਖਦੇ।
ਡਾ. ਡੈਰੀਨ ਮਾਰਕਲੈਂਡ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਕੋਰੋਨਾ ਵਾਇਰਸ ਤੋਂ ਬਚਾਅ ਲਈ ਹਰ ਜ਼ਰੂਰੀ ਕਦਮ ਚੁੱਕਣ ਕਿਉਂਕਿ ਕੋਰੋਨਾ ਵਾਇਰਸ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕੋਈ ਉਸ ਦੀ ਹੋਂਦ ਨੂੰ ਮੰਨਦਾ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਆਪਣੀਆਂ ਅੱਖਾਂ ਅੱਗੇ ਆਖਰੀ ਸਾਹ ਲੈਂਦਿਆਂ ਦੇਖ ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਵਲੋਂ ਵੀਡੀਓ ਕਾਲ ਰਾਹੀਂ ਰੋ-ਰੋ ਕੇ ਉਨ੍ਹਾਂ ਨੂੰ ਬਚਾਉਣ ਲਈ ਤਰਲੇ ਕਰਨਾ ਉਨ੍ਹਾਂ ਕੋਲੋਂ ਬਰਦਾਸ਼ਤ ਨਹੀਂ ਹੁੰਦਾ ਤੇ ਉਹ ਵੀ ਰੋ ਪੈਂਦੇ ਹਨ।
ਡਾ. ਡੈਰੀਨ ਮਾਰਕਲੈਂਡ ਨੇ ਦੱਸਿਆ ਕਿ ਉਹ ਸਾਹ ਸਬੰਧੀ ਰੋਗਾਂ ਦੇ ਮਾਹਰ ਹਨ ਤੇ ਜਦ ਮਰੀਜ਼ਾਂ ਨੂੰ ਕੋਰੋਨਾ ਕਾਰਨ ਸਾਹ ਲੈਣ ਵਿਚ ਪ੍ਰੇਸ਼ਾਨੀ ਹੁੰਦੀ ਹੈ ਤਾਂ ਉਨ੍ਹਾਂ ਨੂੰ ਇਹ ਸਭ ਦੇਖ ਕੇ ਬਹੁਤ ਦੁੱਖ ਮਹਿਸੂਸ ਹੁੰਦਾ ਹੈ। ਡਾਕਟਰ ਨੇ ਕਿਹਾ ਕਿ ਉਹ ਮਰੀਜ਼ਾਂ ਦੀ ਦੇਖਭਾਲ ਵਿਚ ਇੰਨੇ ਕੁ ਵਿਅਸਤ ਹਨ ਕਿ ਉਨ੍ਹਾਂ ਕੋਲ ਆਪਣੇ ਖਾਣ-ਪੀਣ ਲਈ ਸਮਾਂ ਹੀ ਨਹੀਂ ਹੈ। ਉਨ੍ਹਾਂ ਨੇ ਆਪਣੇ ਸਾਥੀ ਡਾਕਟਰਾਂ ਦੇ ਵੀ ਮੈਸਜ ਸਾਂਝੇ ਕੀਤੇ ਹਨ ਜੋ ਸਾਰਾ ਦਿਨ ਮਰੀਜ਼ਾਂ ਨੂੰ ਬਚਾਉਣ ਲਈ ਜਾਂ ਮਰ ਰਹੇ ਮਰੀਜ਼ਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਆਖਰੀ ਵਾਰ ਗੱਲ ਕਰਵਾਉਣ ਲਈ ਹੀ ਵਿਅਸਤ ਰਹਿੰਦੇ ਹਨ ਤੇ ਕਈ ਵਾਰ ਉਹ ਪੂਰਾ ਦਿਨ ਬਾਥਰੂਮ ਤੱਕ ਨਹੀਂ ਜਾਂਦੇ। ਉਨ੍ਹਾਂ ਕੋਲ ਰੋਟੀ ਖਾਣ ਦਾ ਤਾਂ ਕੀ ਪਾਣੀ ਪੀਣ ਦਾ ਵੀ ਸਮਾਂ ਨਹੀਂ ਹੁੰਦਾ।