ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਕਿਹਾ,- ''ਸਮਾਜਿਕ ਦੂਰੀ ਛੱਡੋ, ਜ਼ਿੰਦਗੀ ਭਰ ਨਾਲ ਰਹੇਗਾ ਕੋਰੋਨਾ''

Saturday, Jan 30, 2021 - 11:18 AM (IST)

ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਕਿਹਾ,- ''ਸਮਾਜਿਕ ਦੂਰੀ ਛੱਡੋ, ਜ਼ਿੰਦਗੀ ਭਰ ਨਾਲ ਰਹੇਗਾ ਕੋਰੋਨਾ''

ਰੀਓ ਡੀ ਜਨੇਰੀਓ- ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਕੋਰੋਨਾ ਵਾਇਰਸ ਹੁਣ ਜ਼ਿੰਦਗੀ ਭਰ ਸਾਡੇ ਨਾਲ ਰਹੇਗਾ। ਉਨ੍ਹਾਂ ਬ੍ਰਾਜ਼ੀਲ ਦੇ ਸਥਾਨਕ ਨੇਤਾਵਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਲੋਕ ਸਮਾਜਕ ਦੂਰੀ ਨੂੰ ਛੱਡ ਕੇ ਵਾਇਰਸ ਨਾਲ ਜਿਊਣਾ ਸਿੱਖ ਲੈਣ। ਹਾਲਾਂਕਿ, ਉਨ੍ਹਾਂ ਦੇ ਇਸ ਬਿਆਨ ਨੂੰ ਲੈ ਕੇ ਸਿਹਤ ਮਾਹਿਰਾਂ ਅਤੇ ਵਿਰੋਧੀ ਦਲ ਦੇ ਨੇਤਾਵਾਂ ਨੇ ਵਿਰੋਧ ਪ੍ਰਗਟਾਇਆ ਹੈ। ਵਿਸ਼ਵ ਸਿਹਤ ਸੰਗਠਨ ਅਜੇ ਵੀ ਲੋਕਾਂ ਨੂੰ ਸਮਾਜਕ ਦੂਰੀ ਬਣਾ ਕੇ ਰੱਖਣ ਦੀ ਅਪੀਲ ਕਰ ਰਿਹਾ ਹੈ।

ਬੋਲਸੋਨਾਰੋ ਖ਼ੁਦ ਵੀ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਚੁੱਕੇ ਹਨ। ਵਾਇਰਸ ਦੌਰਾਨ ਬੋਲਸੋਨਾਰੋ ਨੇ ਕਈ ਵਾਰ ਸਮਾਜਕ ਦੂਰੀ ਦੀ ਪਾਲਣਾ ਨਹੀਂ ਕੀਤੀ ਸੀ। ਇੰਨਾ ਹੀ ਨਹੀਂ ਉਸ ਸਮੇਂ ਤਾਂ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਉਹ ਕੋਰੋਨਾ ਦਾ ਟੀਕਾ ਨਹੀਂ ਲਗਵਾਉਣਗੇ। ਵਰਤਮਾਨ ਸਮੇਂ ਵਿਚ ਕੋਰੋਨਾ ਟੀਕਾਕਰਣ ਦੀ ਮੁਹਿੰਮ ਬਹੁਤ ਹੌਲੀ ਚੱਲ ਰਹੀ ਹੈ, ਜਿਸ ਕਾਰਨ ਉਨ੍ਹਾਂ ਦੀ ਕਾਫੀ ਆਲੋਚਨਾ ਹੋ ਰਹੀ ਹੈ। ਦੱਸ ਦਈਏ ਕਿ ਕੋਰੋਨਾ ਕਾਰਨ ਮਰਨ ਵਾਲੇ ਲੋਕਾਂ ਦੇ ਮਾਮਲੇ ਵਿਚ ਬ੍ਰਾਜ਼ੀਲ ਅਮਰੀਕਾ ਦੇ ਬਾਅਦ ਦੂਜੇ ਸਥਾਨ 'ਤੇ ਹੈ। 

ਦੱਸ ਦਈਏ ਕਿ ਭਾਰਤ ਵਲੋਂ ਬ੍ਰਾਜ਼ੀਲ ਨੂੰ ਕੋਰੋਨਾ ਵਾਇਰਸ ਦੇ ਟੀਕੇ ਦੀਆਂ 20 ਲੱਖ ਖੁਰਾਕਾਂ ਦੀ ਖੇਪ ਭੇਜੀ ਗਈ ਹੈ। ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਭਾਰਤ ਦਾ ਇਸ ਲਈ ਧੰਨਵਾਦ ਕੀਤਾ ਸੀ। ਉਨ੍ਹਾਂ ਭਗਵਾਨ ਹਨੂਮਾਨ ਜੀ ਦੀ ਸੰਜੀਵਨੀ ਬੂਟੀ ਲਿਆਂਦਿਆਂ ਦੀ ਤਸਵੀਰ ਸਾਂਝੀ ਕਰਦਿਆਂ ਭਾਰਤ ਨੂੰ ਧੰਨਵਾਦ ਆਖਿਆ ਸੀ। 23 ਜਨਵਰੀ ਨੂੰ ਐਸਟ੍ਰਾਜੇਨੇਕਾ ਅਤੇ ਆਕਸਫੋਰਡ ਯੂਨੀਵਰਸਿਟੀ ਵਲੋਂ ਵਿਕਸਿਤ ਟੀਕੇ ਦੀਆਂ ਖੁਰਾਕਾਂ ਸਾਓ ਪਾਓਲੋ ਪੁੱਜੀਆਂ ਸਨ। 21 ਕਰੋੜ ਦੀ ਆਬਾਦੀ ਵਾਲੇ ਦੇਸ਼ ਦੇ ਹਰ ਨਾਗਰਿਕ ਨੂੰ ਟੀਕਾ ਲੱਗਣ ਲਈ ਅਜੇ ਕਾਫੀ ਸਮਾਂ ਲੱਗੇਗਾ। 


author

Lalita Mam

Content Editor

Related News