ਕੋਵਿਡ-19: ਇਟਲੀ 'ਚ ਟੀਕਾਕਰਨ ਨਾ ਕਰਵਾਉਣ ਵਾਲਿਆਂ ਲਈ ਸਖ਼ਤ ਕੀਤੇ ਗਏ ਨਿਯਮ

Friday, Dec 24, 2021 - 11:40 AM (IST)

ਕੋਵਿਡ-19: ਇਟਲੀ 'ਚ ਟੀਕਾਕਰਨ ਨਾ ਕਰਵਾਉਣ ਵਾਲਿਆਂ ਲਈ ਸਖ਼ਤ ਕੀਤੇ ਗਏ ਨਿਯਮ

ਸੋਆਵੇ/ਇਟਲੀ (ਭਾਸ਼ਾ)- ਇਟਲੀ ਨੇ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ‘ਓਮੀਕਰੋਨ’ ਦੇ ਕਾਰਨ ਵਧਦੇ ਮਾਮਲਿਆਂ ਅਤੇ ਨਵੇਂ ਸਾਲ ਦੇ ਮੱਦੇਨਜ਼ਰ ਕੋਵਿਡ-19 ਨਾਲ ਸਬੰਧਤ ਪਾਬੰਦੀਆਂ ਨੂੰ ਇਕ ਵਾਰ ਫਿਰ ਵਧਾ ਦਿੱਤਾ ਹੈ। ਨਵੇਂ ਨਿਯਮਾਂ ਦੇ ਤਹਿਤ ਜਿਨ੍ਹਾਂ ਲੋਕਾਂ ਨੇ ਕੋਵਿਡ-19 ਰੋਕੂ ਟੀਕੇ ਨਹੀਂ ਲਗਵਾਏ ਹਨ, ਉਨ੍ਹਾਂ ਨੂੰ ਅਜਾਇਬ ਘਰਾਂ, ਪ੍ਰਦਰਸ਼ਨੀਆਂ, ਪਾਰਕਾਂ, ਬਿੰਗੋ ਪਾਰਲਰ ਅਤੇ ਕੈਸੀਨੋ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਹੁਣ ਤੱਕ ਉਹ ਲੋਕ ਸੰਕ੍ਰਮਤ ਨਾ ਹੋਣ ਦੀ ਪੁਸ਼ਟੀ ਵਾਲੀ ਰਿਪੋਰਟ ਦਿਖਾ ਕੇ ਅਜਿਹੀਆਂ ਥਾਵਾਂ 'ਤੇ ਦਾਖ਼ਲ ਹੋ ਸਕਦੇ ਸਨ। ਪਹਿਲਾਂ ਤੋਂ ਹੀ ਇਨ੍ਹਾਂ ਲੋਕਾਂ ਨੂੰ ਰੈਸਟੋਰੈਂਟਾਂ 'ਚ ਬੈਠਣ ਦੀ ਮਨਾਹੀ ਹੈ, ਹੁਣ ਉਨ੍ਹਾਂ ਨੂੰ ਬਾਰ 'ਚ ਖੜ੍ਹੇ ਹੋ ਕੇ ਖਾਣ-ਪੀਣ ਦਾ ਸਮਾਨ ਲੈਣ ਦੀ ਵੀ ਇਜਾਜ਼ਤ ਨਹੀਂ ਹੋਵੇਗੀ।

ਇਹ ਵੀ ਪੜ੍ਹੋ : ਸਿੱਖਸ ਆਫ ਅਮਰੀਕਾ ਅਤੇ ਸਿੱਖ ਭਾਈਚਾਰੇ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ PM ਮੋਦੀ ਦੀ ਕੀਤੀ ਤਾਰੀਫ਼

ਸਿਹਤ ਮੰਤਰੀ ਰੌਬਰਟੋ ਸਪੇਰਾਂਜ਼ਾ ਨੇ ਇਕ ਪ੍ਰੈਸ ਕਾਨਫਰੰਸ ਵਿਚ ਕਿਹਾ, 'ਪਿਛਲੇ ਕੁਝ ਦਿਨਾਂ ਵਿਚ ਜਿਸ ਤਰ੍ਹਾਂ ਲਾਗ ਦੇ ਮਾਮਲੇ ਵੱਧ ਰਹੇ ਹਨ, ਉਨ੍ਹਾਂ ਨਾਲ ਨਜਿੱਠਣ ਲਈ ਸਖ਼ਤ ਕਦਮ ਚੁੱਕਣ ਦੀ ਜ਼ਰੂਰਤ ਹੈ ... ਮਾਮਲਿਆਂ ਵਿਚ ਵਾਧੇ ਦਾ ਇੱਕ ਵੱਡਾ ਕਾਰਨ 'ਓਮੀਕਰੋਨ' ਵੇਰੀਐਂਟ ਹੈ। ਇਹ ਨਿਯਮ ਅਜਿਹੇ ਸਮੇਂ ਵਿਚ ਲਾਗੂ ਕੀਤੇ ਗਏ ਹਨ, ਜਦੋਂ ਇਟਲੀ ਵਿਚ ਲੋਕ ਕ੍ਰਿਸਮਸ ਦੀਆਂ ਛੁੱਟੀਆਂ ਅਤੇ ਪਰਿਵਾਰਕ ਸਮਾਰੋਹਾਂ  ਲਈ ਤਿਆਰੀਆਂ ਕਰ ਰਹੇ ਹਨ।

ਇਹ ਵੀ ਪੜ੍ਹੋ : Tik Tok ਬਣੀ 2021 ਦੀ ਮੋਸਟ ਪਾਪੁਲਰ ਵੈੱਬਸਾਈਟ

ਪਿਛਲੇ ਸਾਲ ਕੋਰੋਨਾ ਵਾਇਰਸ ਦੇ 'ਡੈਲਟਾ' ਵੇਰੀਐਂਟ ਦੇ ਫੈਲਣ ਕਾਰਨ ਜਸ਼ਨ ਮਨਾਉਣ ਅਤੇ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਲਗਾਈ ਗਈ ਸੀ। ਸਰਕਾਰ ਨੇ ਨਿੱਜੀ ਸਮਾਰੋਹਾਂ ਲਈ ਕੋਈ ਨਿਯਮ ਲਾਜ਼ਮੀ ਨਹੀਂ ਕੀਤਾ ਹੈ, ਪਰ ਸਾਵਧਾਨੀ ਵਜੋਂ ਜਨਵਰੀ ਦੇ ਅੰਤ ਤੱਕ ਖੁੱਲ੍ਹੇ ਸਮਾਗਮਾਂ 'ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਡਿਸਕੋਥੈਕ ਨੂੰ ਬੰਦ ਰੱਖਣ ਦੇ ਆਦੇਸ਼ ਦਿੱਤੇ ਹਨ। ਖੁੱਲੇ ਅਤੇ ਬੰਦ ਥਾਵਾਂ ਅਤੇ ਜਨਤਕ ਵਾਹਨਾਂ ਵਿਚ ਮਾਸਕ ਪਹਿਨਣਾ ਅਜੇ ਵੀ ਲਾਜ਼ਮੀ ਹੋਵੇਗਾ। ਇਹ ਨਵੇਂ ਨਿਯਮ ਸ਼ੁੱਕਰਵਾਰ ਤੋਂ ਲਾਗੂ ਹੋ ਜਾਣਗੇ। ਅਧਿਕਾਰਤ ਅੰਕੜਿਆਂ ਮੁਤਾਬਕ ਇਟਲੀ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੀ ਲਾਗ ਦੇ ਲਗਭਗ 44,600 ਮਾਮਲੇ ਸਾਹਮਣੇ ਆਏ ਹਨ, ਜੋ ਕਿ ਇਕ ਦਿਨ 'ਚ ਸਾਹਮਣੇ ਆਏ ਮਾਮਲਿਆਂ ਦੀ ਸਭ ਤੋਂ ਵੱਧ ਗਿਣਤੀ ਹੈ। ਇਸ ਦੇ ਨਾਲ ਹੀ ਲਾਗ ਕਾਰਨ 168 ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਨਵੇਂ ਮਾਮਲਿਆਂ ਵਿਚੋਂ ਇਕ ਤਿਹਾਈ ਲੋਕ 'ਓਮੀਕਰੋਨ' ਵੇਰੀਐਂਟ ਨਾਲ ਸੰਕਰਮਿਤ ਹਨ।

ਇਹ ਵੀ ਪੜ੍ਹੋ : ਅਮਰੀਕਾ ’ਚ ਕੋਵਿਡ-19 ਰੋਕੂ ਦਵਾਈ ਨੂੰ ਮਿਲੀ ਮਨਜ਼ੂਰੀ, ਬਾਈਡੇਨ ਨੇ ਦੱਸਿਆ ‘ਮਹੱਤਵਪੂਰਨ ਕਦਮ’

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News