ਕੋਰੋਨਾ ਸੰਕਟ ਦੌਰਾਨ ਅਮਰੀਕਾ ਨੇ ਐੱਚ-1ਵੀਜ਼ਾ ਧਾਰਕਾਂ ਨੂੰ ਦਿੱਤੀ ਰਾਹਤ

Tuesday, Apr 14, 2020 - 11:05 PM (IST)

ਕੋਰੋਨਾ ਸੰਕਟ ਦੌਰਾਨ ਅਮਰੀਕਾ ਨੇ ਐੱਚ-1ਵੀਜ਼ਾ ਧਾਰਕਾਂ ਨੂੰ ਦਿੱਤੀ ਰਾਹਤ

ਵਾਸ਼ਿੰਗਟਨ- ਅਮਰੀਕੀ ਸਰਕਾਰ ਨੇ ਅਸਥਾਈ ਵਰਕ ਵੀਜ਼ਾ 'ਤੇ ਇੱਥੇ ਪੁੱਜੇ ਹਜ਼ਾਰਾਂ ਦੀ ਗਿਣਤੀ ਵਿਚ ਉਨ੍ਹਾਂ ਭਾਰਤੀਆਂ ਨੂੰ ਇਕ ਵੱਡੀ ਰਾਹਤ ਦਿੱਤੀ ਹੈ ਜੋ ਕੋਰੋਨਾ ਵਾਇਰਸ ਕਾਰਨ ਇੱਥੇ ਹੀ ਫਸ ਗਏ ਹਨ। ਅਮਰੀਕੀ ਪ੍ਰਸ਼ਾਸਨ ਨੇ ਐੱਚ-1 ਬੀ ਵੀਜ਼ਾ ਦੀ ਮਿਆਦ ਵਧਾਉਣ ਅਤੇ ਦੇਸ਼ ਵਿਚ ਵਧੇਰੇ ਸਮੇਂ ਤਕ ਬਣੇ ਰਹਿਣ ਦੀ ਅਪੀਲ ਨੂੰ ਸਵਿਕਾਰ ਕਰਨ ਦਾ ਫੈਸਲਾ ਲਿਆ ਹੈ। ਇਸ ਮੁਤਾਬਕ ਹੁਣ ਦੋ ਮਹੀਨੇ ਦੀ ਥਾਂ ਇਹ ਲੋਕ 8 ਮਹੀਨਿਆਂ ਤਕ ਅਮਰੀਕਾ ਵਿਚ ਰੁਕ ਸਕਣਗੇ। 

ਜ਼ਿਕਰਯੋਗ ਹੈ ਕਿ ਖਾਸ ਕਰਕੇ ਭਾਰਤੀ ਸਾਫਟਵੇਅਰ ਕੰਪਨੀਆਂ ਆਪਣੇ ਆਨਸਾਈਟ ਕੰਮ ਲਈ ਕਰਮਚਾਰੀਆਂ ਨੂੰ ਐੱਚ-1 ਬੀ ਵੀਜ਼ੇ 'ਤੇ ਇੱਥੇ ਭੇਜਦੀਆਂ ਹਨ। ਇਹ ਥੋੜ੍ਹੇ ਸਮੇਂ ਲਈ ਹੁੰਦੇ ਹਨ ਅਤੇ ਇਮੀਗ੍ਰੇਸ਼ਨ ਵੀਜ਼ੇ ਦੀ ਸ਼੍ਰੇਣੀ ਵਿਚ ਨਹੀਂ ਆਉਂਦੇ। 

ਅਮਰੀਕੀ ਹੋਮਲੈਂਡ ਸਕਿਓਰਿਟੀ ਵਿਭਾਗ ਨੇ ਐੱਚ-1 ਬੀ ਵੀਜ਼ਾ ਦੀ ਮਿਆਦ ਵਧਾਉਣ ਦੇ ਸਬੰਧ ਵਿਚ ਇਕ ਨਵੀਂ ਸੂਚਨਾ ਜਾਰੀ ਕੀਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦਿਆਂ ਵੀਜ਼ਾ 'ਤੇ ਆਉਣ ਵਾਲਿਆਂ ਦੇ ਸਾਹਮਣੇ ਇਸ ਸਮੇਂ ਕੁਝ ਮੁਸ਼ਕਲਾਂ ਹਨ। ਅਮਰੀਕਾ ਦੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾ ਮੁਤਾਬਕ ਉਸ ਦੇ ਦੇਸ਼ ਦੀ ਐੱਚ-1 ਬੀ ਯੋਜਨਾ ਦਾ ਦੁਨੀਆ ਵਿਚ ਸਭ ਤੋਂ ਜ਼ਿਆਦਾ ਫਾਇਦਾ ਭਾਰਤੀ ਲੋਕਾਂ ਨੂੰ ਮਿਲ ਰਿਹਾ ਹੈ।

ਅਮਰੀਕੀ ਪ੍ਰਸ਼ਾਸਨ ਨੇ ਇਹ ਐਲਾਨ ਅਜਿਹੇ ਸਮੇਂ ਕੀਤਾ ਹੈ ਜਦ ਪੂਰੀ ਦੁਨੀਆ ਨੇ ਆਪਣੀਆਂ ਸਰਹੱਦਾਂ ਨੂੰ ਸੀਲ ਕੀਤਾ ਹੋਇਆ ਹੈ ਤੇ ਕੌਮਾਂਤਰੀ ਉਡਾਣਾਂ ਪੂਰੀ ਤਰ੍ਹਾਂ ਬੰਦ ਹਨ। ਯਾਤਰਾ ਪਾਬੰਦੀ ਦੇ ਚੱਲਦਿਆਂ ਕਈ ਐੱਚ-1ਬੀ ਵੀਜ਼ਾ ਹੋਲਡਰ ਅਮਰੀਕਾ ਵਿਚ ਫਸ ਗਏ ਹਨ। ਉਨ੍ਹਾਂ ਦਾ ਵੀਜ਼ਾ ਪਰਮਿਟ ਵੀ ਖਤਮ ਹੋਣ ਵਾਲਾ ਹੈ। ਅਮਰੀਕਾ ਦੇ ਅੰਦਰੂਨੀ ਸੁਰੱਖਿਆ ਵਿਭਾਗ ਜਲਦੀ ਹੀ ਵੀਜ਼ਾ ਮਿਆਦ ਵਧਾਉਣ ਦੀ ਅਪੀਲ ਸਵਿਕਾਰ ਕਰਨਾ ਸ਼ੁਰੂ ਕਰ ਦੇਣਗੇ।


author

Sanjeev

Content Editor

Related News