ਕੋਰੋਨਾ ਸੰਕਟ ਵਿਚਕਾਰ ਚੀਨ ਦਾ ਦੋਸ਼- ''ਦੱਖਣੀ ਚੀਨ ਸਾਗਰ ''ਚ ਜਹਾਜ਼ ਭੇਜ ਰਿਹੈ ਅਮਰੀਕਾ''

Wednesday, Apr 08, 2020 - 10:02 AM (IST)

ਵਾਸ਼ਿੰਗਟਨ- ਕੋਰੋਨਾ ਵਾਇਰਸ ਮਹਾਮਾਰੀ ਨਾਲ ਜੂਝ ਰਹੀ ਦੁਨੀਆ ਦੇ ਸਾਹਮਣੇ ਇਸ ਸਮੇਂ ਇਹ ਸੰਕਟ ਹੈ ਕਿ ਕਿਸ ਤਰ੍ਹਾਂ ਇਸ ਮੁਸ਼ਕਿਲ 'ਚੋਂ ਉੱਭਰਿਆ ਜਾਵੇ ਪਰ ਇਸ ਵਿਚਕਾਰ ਅਮਰੀਕਾ ਤੇ ਚੀਨ ਵਿਚਕਾਰ ਲਗਾਤਾਰ ਜੁਬਾਨੀ ਜੰਗ ਚੱਲ ਰਹੀ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਇਸ ਵਾਇਰਸ ਲਈ ਚੀਨ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ ਤਾਂ ਉੱਥੇ ਹੀ ਹੁਣ ਚੀਨ ਵਲੋਂ ਵੀ ਦੋਸ਼ ਲਗਾਇਆ ਜਾ ਰਿਹਾ ਹੈ ਕਿ ਕੋਰੋਨਾ ਸੰਕਟ ਦੇ ਸਮੇਂ ਅਮਰੀਕਾ ਦੱਖਣੀ ਚੀਨ ਸਾਗਰ ਵਿਚ ਏਅਰ ਕ੍ਰਾਫਟ ਭੇਜ ਰਿਹਾ ਹੈ। 

ਚੀਨ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਬਿਆਨ ਦਿੱਤਾ, "ਚੀਨ ਇਸ ਵਕਤ ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਵਿਚ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੀ ਮਦਦ ਕਰ ਰਿਹਾ ਹੈ ਪਰ ਦੂਜੇ ਪਾਸੇ ਅਮਰੀਕਾ ਆਪਣੇ ਜੰਗੀ ਜਹਾਜ਼ ਅਤੇ ਏਅਰਕ੍ਰਾਫਟ ਦੱਖਣੀ ਚੀਨ ਸਾਗਰ ਵਿਚ ਭੇਜ ਰਿਹਾ ਹੈ, ਜੋ ਕਿ ਚੀਨ ਦੀ ਪ੍ਰਭੂਸੱਤਾ ਨੂੰ ਚੁਣੌਤੀ ਦੇਣਾ ਹੈ। ਅਸੀਂ ਚਾਹੁੰਦੇ ਹਾਂ ਕਿ ਅਮਰੀਕਾ ਪਹਿਲਾਂ ਆਪਣੇ ਘਰ ਵਿਚ ਫੈਲੀ ਮਹਾਮਾਰੀ ਨਾਲ ਨਜਿੱਠੇ।"ਚੀਨ ਵਲੋਂ ਬਿਆਨ ਵਿਚ ਕਿਹਾ ਗਿਆ ਕਿ ਉਹ ਅਮਰੀਕਾ ਨੂੰ ਵੀ ਲਗਾਤਾਰ ਮਦਦ ਭੇਜ ਰਿਹਾ ਹੈ। ਬੀਤੇ ਦਿਨੀਂ ਨਿਊਯਾਰਕ ਵਿਚ ਚੀਨ ਵਲੋਂ ਵੈਂਟੀਲੇਟਰ ਭੇਜੇ ਗਏ ਹਨ। 

ਜ਼ਿਕਰਯੋਗ ਹੈ ਕਿ ਦੱਖਣੀ ਚੀਨ ਸਾਗਰ ਨਾਲ ਲੱਗਦੇ ਦੇਸ਼ਾਂ 'ਤੇ ਚੀਨ ਆਪਣਾ ਪ੍ਰਭਾਵ ਪਾਉਂਦਾ ਰਿਹਾ ਹੈ, ਜਿਸ ਨੂੰ ਲੈ ਕੇ ਅਮਰੀਕਾ ਸਣੇ ਦੁਨੀਆ ਦੇ ਕਈ ਦੇਸ਼ ਚੀਨ 'ਤੇ ਨਿਸ਼ਾਨਾ ਵਿੰਨ੍ਹਦੇ ਆ ਰਹੇ ਹਨ। ਇਸ ਨੂੰ ਲੈ ਕੇ ਚੀਨ ਅਤੇ ਅਮਰੀਕਾ ਵਿਚ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ ਜੋ ਸਮੇਂ-ਸਮੇਂ 'ਤੇ ਸਾਹਮਣੇ ਆਉਂਦਾ ਰਹਿੰਦਾ ਹੈ। ਟਰੰਪ ਕੋਰੋਨਾ ਵਾਇਰਸ ਨੂੰ ਲੈ ਕੇ ਲਗਾਤਾਰ ਚੀਨ 'ਤੇ ਹਮਲਾ ਕਰਦੇ ਆਏ ਹਨ। ਬੀਤੇ ਦਿਨੀਂ ਉਨ੍ਹਾਂ ਨੇ ਕੋਰੋਨਾ ਵਾਇਰਸ ਨੂੰ 'ਚੀਨੀ ਵਾਇਰਸ' ਦਾ ਨਾਂ ਦਿੱਤਾ ਸੀ। 


Lalita Mam

Content Editor

Related News