ਹਵਾ ''ਚ ਵੀ ਫੈਲ ਸਕਦੈ ਕੋਰੋਨਾਵਾਇਰਸ, WHO ਨੇ ਜਾਰੀ ਕੀਤੀਆਂ ਨਵੀਆਂ ਗਾਈਡਲਾਇੰਸ

7/10/2020 8:27:26 PM

ਜਿਨੇਵਾ/ਵਾਸ਼ਿੰਗਟਨ - ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) ਨੇ ਕੁਝ ਸ਼ਰਤਾਂ ਦੇ ਨਾਲ ਇਹ ਸਵੀਕਾਰ ਕਰ ਲਿਆ ਹੈ ਕਿ ਕੋਰੋਨਾਵਾਇਰਸ ਹਵਾ ਵਿਚ ਫੈਲ ਸਕਦਾ ਹੈ। ਇਸ ਬਾਰੇ ਵਿਚ ਕਰੀਬ 32 ਦੇਸ਼ਾਂ ਦੇ ਸਾਇੰਸਦਾਨਾਂ ਨੇ ਦਾਅਵਾ ਵੀ ਕੀਤਾ ਸੀ ਜਿਸ ਤੋਂ ਬਾਅਦ ਡਬਲਯੂ. ਐਚ. ਓ. ਨੇ ਕੋਰੋਨਾਵਾਇਰਸ ਦੀ ਲਾਗ ਫੈਲਣ ਦੇ ਜ਼ਰੀਏ ਹਵਾ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਬਾਰੇ ਡਬਲਯੂ. ਐਚ. ਓ. ਨੇ ਹੁਣ ਨਵੀਂ ਗਾਈਡਲਾਈਨ ਵੀ ਜਾਰੀ ਕਰ ਦਿੱਤੀਆਂ ਹਨ, ਜਿਸ ਵਿਚ ਕੁਝ ਅਜਿਹੀਆਂ ਪ੍ਰਮੁੱਖ ਗੱਲਾਂ ਵੀ ਦੱਸੀਆਂ ਗਈਆਂ ਹਨ ਜਿਨ੍ਹਾਂ ਦੇ ਬਾਰੇ ਵਿਚ ਲੋਕਾਂ ਨੂੰ ਜ਼ਰੂਰ ਜਾਣਨਾ ਚਾਹੀਦਾ ਹੈ ਤਾਂ ਜੋ ਹਵਾ ਦੇ ਜ਼ਰੀਏ ਫੈਲਣ ਵਾਲੇ ਕੋਰੋਨਾਵਾਇਰਸ ਦੀ ਲਾਗ ਤੋਂ ਬਚਣ ਲਈ ਜ਼ਰੂਰੀ ਕਦਮ ਸਮੇਂ 'ਤੇ ਚੁੱਕੇ ਜਾ ਸਕਣ।

ਦੱਸ ਦਈਏ ਕਿ ਡਬਲਯੂ. ਐਚ. ਓ. ਨੇ ਗਾਈਲਾਈਨਾਂ ਵਿਚ ਇਸ ਗੱਲ ਦਾ ਸ਼ੱਕ ਜਤਾਇਆ ਹੈ ਕਿ ਕੁਝ ਵਿਸ਼ੇਸ਼ ਥਾਂਵਾਂ 'ਤੇ ਕੋਰੋਨਾਵਾਇਰਸ ਦੀ ਲਾਗ ਹਵਾ ਦੇ ਜ਼ਰੀਏ ਫੈਲ ਸਕਦੀ ਹੈ। ਇਸ ਵਿਚ ਭੀੜ ਵਾਲੀਆਂ ਥਾਂਵਾਂ ਵਿਚ ਐਰੋਸੋਲ ਟ੍ਰਾਂਸਮਿਸ਼ਨ ਦੇ ਨਾਲ-ਨਾਲ ਰੈਸਤਰਾਂ ਅਤੇ ਫਿੱਟਨੈੱਸ ਕਲਾਸਾਂ ਵਿਚ ਵੀ ਹਵਾ ਦੇ ਜ਼ਰੀਏ ਕੋਰੋਨਾਵਾਇਰਸ ਫੈਲਣ ਦੀ ਗੱਲ ਕਹੀ ਗਈ ਹੈ। ਨਾਲ ਹੀ ਇਸ ਗੱਲ ਦਾ ਵੀ ਸ਼ੱਕ ਜਤਾਇਆ ਗਿਆ ਹੈ ਕਿ ਕਿਸੇ ਬੰਦ ਥਾਂ 'ਤੇ ਲੰਬੇ ਸਮੇਂ ਤੱਕ ਪ੍ਰਭਾਵਿਤ ਵਿਅਕਤੀ ਦੇ ਰਹਿਣ ਕਾਰਨ ਵੀ ਕੋਰੋਨਾਵਾਇਰਸ ਦੀ ਲਾਗ ਉਸ ਥਾਂ 'ਤੇ ਹਵਾ ਦੇ ਜ਼ਰੀਏ ਫੈਲ ਸਕਦੀ ਹੈ। ਇਸ ਲਈ ਲੋਕਾਂ ਨੂੰ ਸਭ ਤੋਂ ਪਹਿਲਾਂ ਇਸ ਗੱਲ ਲਈ ਜ਼ਰੂਰ ਸੁਚੇਤ ਹੋ ਜਾਣਾ ਚਾਹੀਦਾ ਹੈ ਕਿ ਉਹ ਅਜਿਹੀ ਥਾਂ 'ਤੇ ਜਾਣ ਤੋਂ ਬਚਣ ਜਿਥੇ ਭੀੜ ਹੋਵੇ। ਹਾਲਾਂਕਿ, ਡਬਲਯੂ. ਐਚ. ਓ. ਨੇ ਇਸ ਬਾਰੇ ਵਿਚ ਇਹ ਦੱਸਿਆ ਹੈ ਕਿ ਉਹ ਹੁਣ ਵੀ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਸਾਇੰਸਦਾਨਾਂ ਨਾਲ ਮਿਲ ਕੇ ਇਸ 'ਤੇ ਕੰਮ ਕਰ ਰਿਹਾ ਹੈ ਕਿ ਹਵਾ ਦੇ ਜ਼ਰੀਏ ਕੋਰੋਨਾਵਾਇਰਸ ਹੋਰ ਕਿੰਨਾਂ ਥਾਂਵਾਂ 'ਤੇ ਅਤੇ ਕਿਸ ਤਰ੍ਹਾਂ ਨਾਲ ਫੈਲ ਸਕਦਾ ਹੈ।

ਇਹ ਹੈ ਏਅਰਬੋਰਨ ਕੋਰੋਨਾ 'ਤੇ ਡਬਲਯੂ. ਐਚ. ਓ. ਦੀ ਗਾਈਡਲਾਈਨ
ਡਬਲਯੂ. ਐਚ. ਓ. ਵੱਲੋਂ ਜਾਰੀ ਕੀਤੀਆਂ ਗਈਆਂ ਨਵੀਆਂ ਗਾਈਡਲਾਈਨਾਂ ਇਸ ਗੱਲ ਦਾ ਸੁਝਾਅ ਦਿੰਦੀਆਂ ਹਨ ਕਿ ਸਾਨੂੰ ਭੀੜ-ਭਾੜ ਵਾਲੀਆਂ ਥਾਂਵਾਂ 'ਤੇ ਅਤੇ ਰੈਸਤਰਾਂ ਦੇ ਨਾਲ-ਨਾਲ ਫਿੱਟਨੈੱਸ ਕਲਾਸਾਂ ਨੂੰ ਵੀ ਜੁਆਇਨ ਕਰਨ ਤੋਂ ਬਚਣਾ ਚਾਹੀਦਾ ਹੈ। ਇਸ ਦੇ ਨਾਲ-ਨਾਲ ਸਾਨੂੰ ਕਿਸੇ ਵੈਂਟੀਲੇਸ਼ਨ ਦੀ ਚੰਗੀ ਸੁਵਿਧਾ ਵਾਲੀ ਬਿਲਡਿੰਗ ਵਿਚ ਐਂਟਰ ਕਰਨਾ ਚਾਹੀਦਾ ਹੈ। ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਇਸ ਬਾਰੇ ਵਿਚ ਜਾਣਕਾਰੀ ਹੋਵੇਗੀ ਕਿ ਕੋਰੋਨਾਵਾਇਰਸ ਤੋਂ ਬਚੇ ਰਹਿਣ ਲਈ ਮਾਸਕ ਪਾਉਣਾ ਅਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ ਕੋਰੋਨਾਵਾਇਰਸ ਦੀ ਲਾਗ ਤੋਂ ਬਚੇ ਰਹਿਣ ਲਈ ਜਾਰੀ ਕੀਤੀਆਂ ਗਈਆਂ ਗਾਈਡਲਾਈਨਾਂ ਦਾ ਗੰਭੀਰਤਾ ਨਾਲ ਪਾਲਣ ਕਰੋ।


Khushdeep Jassi

Content Editor Khushdeep Jassi