ਦੱਖਣੀ ਕੋਰੀਆ ਤੇ ਸਪੇਨ ''ਚ ਵਧੇ ਕੋਰੋਨਾ ਵਾਇਰਸ ਦੇ ਮਾਮਲੇ

03/02/2020 10:23:53 AM

ਸਿਓਲ,(ਭਾਸ਼ਾ)— ਦੱਖਣੀ ਕੋਰੀਆ 'ਚ ਕੋਰੋਨਾ ਵਾਇਰਸ ਨਾਲ ਪੀੜਤਾਂ ਦੀ ਗਿਣਤੀ ਵਧ ਕੇ 4,212 ਹੋ ਗਈ ਹੈ। ਇੱਥੇ ਨਵੇਂ 476 ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਦੇ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਨੇ ਸੋਮਵਾਰ ਨੂੰ ਦੱਸਿਆ ਕਿ ਇਸ ਘਾਤਕ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 22 ਹੋ ਗਈ ਹੈ। ਸਿਹਤ ਕੇਂਦਰ ਨੇ ਦੱਸਿਆ ਕਿ ਦੇਸ਼ 'ਚ ਕੋਰੋਨਾ ਵਾਇਰਸ ਦੇ 476 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਨ੍ਹਾਂ 'ਚ ਸਭ ਤੋਂ ਵਧੇਰੇ 377 ਮਾਮਲੇ ਦਾਏਗੂ 'ਚ ਦਰਜ ਕੀਤੇ ਗਏ ਹਨ। ਇਸ ਦੇ ਮੱਦੇਨਜ਼ਰ ਸਰਕਾਰ ਨੇ ਸ਼ਨੀਵਾਰ ਨੂੰ ਇਸ ਦੇ ਖਤਰੇ ਦੇ ਲੈਵਲ ਨੂੰ ਓਰੰਜ ਤੋਂ ਵਧਾ ਕੇ ਰੈੱਡ ਕਰ ਦਿੱਤਾ ਸੀ।

ਸਪੇਨ 'ਚ 71 ਲੋਕ ਪੀੜਤ—
ਸਪੇਨ 'ਚ ਖਤਰਨਾਕ ਕੋਰੋਨਾ ਵਾਇਰਸ ਕਾਰਨ ਹੁਣ ਤਕ 71 ਲੋਕਾਂ ਦੇ ਪੀੜਤ ਹੋਣ ਦੀ ਖਬਰ ਹੈ। ਸਿਹਤ ਮੰਤਰਾਲੇ ਮੁਤਾਬਕ ਪਿਛਲੇ ਕੁੱਝ ਘੰਟਿਆਂ 'ਚ ਮੈਡਰਿਡ 'ਚ ਕੋਰੋਨਾ ਵਾਇਰਸ ਦੇ ਚਾਰ ਨਵੇਂ ਮਾਮਲੇ, ਉੱਤਰੀ ਖੇਤਰ ਕਾਸਿਟਲਾ-ਲਿਓਨ 'ਚੋਂ ਵੀ ਕੁਝ ਮਾਮਲੇ ਦਰਜ ਕੀਤੇ ਗਏ ਹਨ।

ਇਟਲੀ 'ਚ 34 ਮੌਤਾਂ—
ਇਟਲੀ 'ਚ ਕੋਰੋਨਾ ਵਾਇਰਸ ਦੇ ਪ੍ਰਕੋਪ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 34 ਹੋ ਗਈ ਹੈ ਅਤੇ ਤਕਰੀਬਨ 1,577 ਲੋਕ ਇਸ ਵਾਇਰਸ ਦੀ ਲਪੇਟ 'ਚ ਹਨ। ਨਾਗਰਿਕ ਸੁਰੱਖਿਆ ਮੁਖੀ ਏਂਜੋਲੋ ਬੋਰੇਲੀ ਨੇ ਐਤਵਾਰ ਨੂੰ ਦੱਸਿਆ ਕਿ ਕੋਰੋਨਾ ਵਾਇਰਸ ਨਾਲ ਸ਼ਨੀਵਾਰ ਤਕ 33 ਲੋਕ ਠੀਕ ਹੋ ਗਏ, ਜਿਸ ਦੇ ਬਾਅਦ ਇਨ੍ਹਾਂ ਲੋਕਾਂ ਦੀ ਗਿਣਤੀ 83 ਹੋ ਗਈ ਹੈ। ਕੋਰੋਨਾ ਵਾਇਰਸ ਦੇ ਕਾਰਨ ਹਾਲਾਂਕਿ 5 ਹੋਰ ਲੋਕਾਂ ਦੀ ਮੌਤ ਹੋ ਗਈ ਹੈ।


Related News