ਇਟਲੀ ''ਚ ਪਹਿਲੀ ਭਾਰਤੀ ਮੈਡੀਕਲ ਵਿਦਿਆਰਥਣ ਦੇ ਲੱਗਾ ਕੋਰੋਨਾ ਵੈਕਸੀਨ
Tuesday, Jan 05, 2021 - 09:21 AM (IST)
ਰੋਮ, (ਕੈਂਥ)- ਕੋਰੋਨਾ ਵਾਇਰਸ ਜਿਸ ਨੇ 2020 ਦਾ ਪੂਰਾ ਸਾਲ ਹੀ ਆਪਣੀ ਲਪੇਟ ਵਿਚ ਲੈ ਲਿਆ ਸੀ, ਸਭ ਤੋਂ ਵੱਧ ਦਿੱਕਤ ਕੋਰੋਨਾ ਵਾਇਰਸ ਦੀ ਕੋਈ ਵੈਕਸੀਨ ਦਾ ਨਹੀਂ ਹੋਣਾ ਸੀ। ਇਸ ਕਾਰਨ ਇਸ ਨੇ ਕਾਫੀ ਜ਼ਿਆਦਾ ਜਾਨੀ ਅਤੇ ਮਾਲੀ ਨੁਕਸਾਨ ਕੀਤਾ ਪਰ ਹੁਣ ਖੁਸ਼ੀ ਦੀ ਗੱਲ ਹੈ ਕਿ ਵੱਖ ਵੱਖ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਦਾ ਟੀਕਾਕਰਨ ਸੰਬੰਧੀ ਕੰਮ ਚੱਲ ਰਿਹਾ ਹੈ।
ਬੀਤੇ ਸਾਲ 27 ਦਸੰਬਰ ਤੋਂ ਇਟਲੀ ਵਿੱਚ ਵੀ ਕੋਰੋਨਾ ਵਾਇਰਸ ਦਾ ਟੀਕਾਕਰਨ ਸ਼ੁਰੂ ਹੋ ਚੁੱਕਾ ਹੈ। ਇਸ ਦੇ ਪਹਿਲੇ ਪੜਾਅ ਵਿਚ ਸਭ ਤੋਂ ਪਹਿਲਾਂ ਇਹ ਟੀਕੇ ਸਿਹਤ ਵਿਭਾਗ ਦੇ ਕਰਮਚਾਰੀਆਂ ਅਤੇ ਮੈਡੀਕਲ ਨਾਲ ਸੰਬੰਧਿਤ ਵਿਦਿਆਰਥੀਆਂ ਨੂੰ ਲਗਾਇਆ ਜਾ ਰਿਹਾ ਹੈ, ਇਸੇ ਪੜਾਅ ਤਹਿਤ ਬੀਤੇ ਦਿਨੀਂ ਰੋਮ ਦੇ ਆਈ. ਐੱਨ. ਆਈ. ਗਰੋਤਾਫੇਰਾਤਾ ਹਸਪਤਾਲ ਵਿਚ ਲਗਭਗ 300 ਦੇ ਕਰੀਬ ਮੈਡੀਕਲ ਵਿਦਿਆਰਥੀਆ ਨੂੰ ਇਹ ਕੋਰੋਨਾ ਵਾਇਰਸ ਦੀ ਵੈਕਸੀਨ ਦਾ ਟੀਕਾ ਲਗਾਇਆ ਗਿਆ ਹੈ।
ਇਸ ਵਿਚ ਪਹਿਲੀ ਭਾਰਤੀ ਮੈਡੀਕਲ ਵਿਦਿਆਰਥਣ ਪਵਨਦੀਪ ਮਾਨ ਨੂੰ ਬਾਕੀ ਵਿਦਿਆਰਥੀਆਂ ਨਾਲ ਇਹ ਵੈਕਸੀਨ ਦਾ ਟੀਕਾ ਲਗਾਇਆ ਗਿਆ ਹੈ। ਇਸ ਸੰਬੰਧੀ ਪ੍ਰੈੱਸ ਨੂੰ ਜਾਣਕਾਰੀ ਸਾਂਝੀ ਕਰਦਿਆਂ ਪਵਨਦੀਪ ਮਾਨ ਨੇ ਖੁਸ਼ੀ ਜਤਾਉਂਦਿਆਂ ਦੱਸਿਆ ਕਿ ਮੈਂ ਭਾਰਤੀ ਮੂਲ ਦੀ ਪਹਿਲੀ ਮੈਡੀਕਲ ਵਿਦਿਆਰਥਣ ਅਤੇ ਸਟਾਫ ਮੈਂਬਰ ਦੇ ਤੌਰ 'ਤੇ ਵੈਕਸੀਨ ਦਾ ਟੀਕਾ ਲਗਾਇਆ ਗਿਆ ਹੈ। ਇਟਲੀ ਦੀ ਸਰਕਾਰ ਵਲੋਂ ਪਹਿਲਾਂ ਹੀ ਕਿਹਾ ਗਿਆ ਸੀ ਕਿ ਜਦੋਂ ਵੀ ਵੈਕਸੀਨ ਦੇ ਟੀਕੇ ਲਗਾਏ ਜਾਣਗੇ ਤਾਂ ਸਭ ਤੋਂ ਪਹਿਲਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਟੀਕਾਕਰਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੈਨੂੰ ਮਾਣ ਵੀ ਅਤੇ ਖੁਸ਼ੀ ਵੀ ਹੈ ਕਿ ਮੈਂ ਇਟਲੀ ਵਿਚ ਪਹਿਲੀ ਭਾਰਤੀ ਹਾਂ, ਜਿਸ ਨੂੰ ਇਸ ਵੈਕਸੀਨ ਲਈ ਬਾਕੀਆਂ ਵਿਦਿਆਰਥੀਆਂ ਅਤੇ ਸਿਹਤ ਵਿਭਾਗ ਮੈਂਬਰਾਂ ਵਜੋਂ ਟੀਕਾਕਰਨ ਲਗਾਇਆ ਗਿਆ।
ਉਨ੍ਹਾਂ ਕਿਹਾ ਹੁਣ ਉਮੀਦ ਹੈ ਕਿ ਜਲਦੀ ਇਸ ਮਹਾਮਾਰੀ ਤੋਂ ਨਿਜਾਤ ਮਿਲੇਗੀ ਅਤੇ ਸਭ ਕੁਝ ਆਮ ਵਾਂਗ ਹੋ ਜਾਵੇਗਾ। ਦੱਸਣਯੋਗ ਹੈ ਕਿ ਪਵਨਦੀਪ ਮਾਨ ਆਪਣੇ ਪਿਤਾ ਨਛੱਤਰ ਸਿੰਘ ਮਾਨ ਤੇ ਪਰਿਵਾਰ ਸਮੇਤ ਇਟਲੀ ਦੇ ਸੂਬਾ ਲਾਸੀਓ ਦੇ ਅਧੀਨ ਜ਼ਿਲ੍ਹਾ ਲਾਤੀਨਾ ਦੇ ਸ਼ਹਿਰ ਚਿਸਤੇਰਨਾ ਦੀ ਲਾਤੀਨਾ ਵਿਖੇ ਪਿਛਲੇ ਲੰਮੇ ਸਮੇਂ ਤੋਂ ਰਹਿ ਰਹੀ ਹੈ ਅਤੇ ਰੋਮ ਦੇ ਮੈਡੀਕਲ ਕਾਲਜ 'ਤੁਰ ਵਿਰਗਾਤਾ' ਵਿਖੇ ਮੈਡੀਕਲ ਦੀ ਅਖੀਰਲੇ ਸਾਲ ਦੀ ਪੜ੍ਹਾਈ ਕਰ ਰਹੀ ਹੈ । ਪੜ੍ਹਾਈ ਦੇ ਨਾਲ ਸਿਹਤ ਵਿਭਾਗ ਵੱਲੋਂ ਉਨ੍ਹਾਂ ਦੀ ਡਿਊਟੀ ਰੋਮਾ ਸਥਿਤ ਆਈ. ਐੱਨ. ਆਈ. ਗਰੋਤਾਫੇਰਾਤਾ ਹਸਪਤਾਲ ਵਿਚ ਨੌਕਰੀ ਵੀ ਕਰ ਰਹੀ ਹੈ । ਇਸ ਸਾਲ ਵਿਚ ਕੋਰਸ ਪੂਰਾ ਹੋਣ 'ਤੇ ਡਿਗਰੀ ਵੀ ਹਾਸਲ ਕੀਤੀ ਜਾਵੇਗੀ।
ਉਨ੍ਹਾਂ ਇਟਲੀ ਵਿਚ ਵਸਦੇ ਭਾਰਤੀ ਭਾਈਚਾਰੇ ਨੂੰ ਆਪਣੇ ਸੰਦੇਸ਼ ਵਿਚ ਕਿਹਾ ਕਿ ਇਟਲੀ ਵਿਚ ਖਾਸ ਕਰਕੇ ਲੜਕੀਆਂ ਨੂੰ ਵਧ ਤੋਂ ਵਧ ਪੜ੍ਹਾਈ ਕਰਵਾਓ ਕਿਉਂਕਿ ਲੜਕੀਆਂ ਵੀ ਲੜਕਿਆਂ ਨਾਲੋਂ ਕਿਸੇ ਵੀ ਖੇਤਰ ਵਿੱਚ ਪਿਛੇ ਨਹੀਂ ਹਨ। ਪਵਨਦੀਪ ਮਾਨ ਨੇ ਕਿਹਾ ਕਿ ਮੈ ਹੁਣ ਤੱਕ ਜੋ ਵੀ ਹਾਂ ਆਪਣੇ ਮਾਤਾ-ਪਿਤਾ ਦੇ ਸਹਿਯੋਗ ਨਾਲ ਹਾਂ। ਉਨ੍ਹਾਂ ਦੀ ਬਦੌਲਤ ਅੱਜ ਮੈਂ ਇਟਲੀ ਦੀ ਧਰਤੀ 'ਤੇ ਇੱਕ ਚੰਗੇ ਭਵਿੱਖ ਲਈ ਮੈਡੀਕਲ ਦਾ ਕੋਰਸ ਕਰਕੇ ਡਾਕਟਰ ਬਣਨਾ ਚਾਹੁੰਦੀ ਹਾਂ ਅਤੇ ਭਾਰਤੀ ਭਾਈਚਾਰੇ ਦੇ ਨਾਲ-ਨਾਲ ਇਟਾਲੀਅਨ ਲੋਕਾਂ ਦੀ ਸਿਹਤ ਕਰਮਚਾਰੀ ਦੇ ਤੌਰ 'ਤੇ ਸੇਵਾ ਕਰਨਾ ਚਾਹੁੰਦੀ ਹਾਂ।