ਅਮਰੀਕਾ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਇਤਿਹਾਸਕ ਗਿਰਾਵਟ, ਪਾਣੀ ਨਾਲੋਂ ਵੀ ਸਸਤਾ

Tuesday, Apr 21, 2020 - 02:47 AM (IST)

ਅਮਰੀਕਾ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਇਤਿਹਾਸਕ ਗਿਰਾਵਟ, ਪਾਣੀ ਨਾਲੋਂ ਵੀ ਸਸਤਾ

ਵਾਸ਼ਿੰਗਟਨ - ਗਲੋਬਲ ਇਕਾਨਮੀ 'ਤੇ ਕੋਰੋਨਾਵਾਇਰਸ ਮਹਾਮਾਰੀ ਦਾ ਕਿੰਨਾ ਕੁ ਅਸਰ ਹੋ ਸਕਦਾ ਹੈ, ਇਸ ਦੀ ਉਦਾਹਰਣ ਅਮਰੀਕੀ ਬਜ਼ਾਰਾਂ ਵਿਚ ਦੇਖਣ ਨੂੰ ਮਿਲੀ ਹੈ। ਗਲੋਬਲ ਪੱਧਰ 'ਤੇ ਜਾਰੀ ਕੋਰੋਨਾ ਸੰਕਟ ਵਿਚਾਲੇ ਅਮਰੀਕੀ ਕੱਚੇ ਤੇਲ ਦੀ ਕੀਮਤ ਵਿਚ ਇਤਿਹਾਸਕ ਗਿਰਾਵਟ ਦਰਜ ਕੀਤੀ ਗਈ ਹੈ। ਮੰਗ ਨਾ ਹੋਣ ਕਾਰਨ ਤੇਲ ਦੀਆਂ ਕੀਮਤਾਂ 0.01 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਪਹੁੰਚ ਗਈ ਹੈ। ਦੱਸ ਦਈਏ ਕਿ ਦੁਨੀਆ ਦੇ 185 ਤੋਂ ਜ਼ਿਆਦਾ ਦੇਸ਼ ਕੋਰੋਨਾਵਾਇਰਸ ਦੀ ਲਪੇਟ ਵਿਚ ਹਨ। ਕੋਰੋਨਾਵਾਇਰਸ ਸੰਕਟ ਕਾਰਨ ਹੀ ਦੁਨੀਆ ਭਰ ਵਿਚ ਘਟੀ ਤੇਲ ਦੀ ਮੰਗ ਦੇ ਚੱਲਦੇ ਇਸ ਦੀਆਂ ਕੀਮਤਾਂ ਲਗਾਤਾਰ ਹੇਠਾਂ ਜਾ ਰਹੀਆਂ ਹਨ। ਇਤਿਹਾਸ ਵਿਚ ਪਹਿਲੀ ਵਾਰ ਅਜਿਹਾ ਹੋਇਆ ਹੈ ਜਦ ਕੱਚੇ ਤੇਲ ਦੀਆਂ ਕੀਮਤ ਇੰਨੀ ਹੇਠਾਂ ਆ ਗਈ ਹੋਵੇ। ਸੋਚਣ ਵਾਲੀ ਗੱਲ ਇਹ ਹੈ ਕਿ ਕੱਚੇ ਤੇਲ ਦਾ ਮੁੱਲ ਅਮਰੀਕਾ ਵਿਚ ਇਕ ਕੌਫੀ ਦੇ ਕੱਪ ਅਤੇ ਇਕ ਬੋਤਲ ਬੰਦ ਪਾਣੀ ਤੋਂ ਵੀ ਸਸਤਾ ਹੋ ਗਿਆ ਹੈ, ਕਿਉਂਕਿ ਸਟਾਰਬਕਸ ਵਿਚ ਇਕ ਕਾਫੀ ਕਰੀਬ 3-4 ਡਾਲਰ ਵਿਚ ਮਿਲਦੀ ਹੈ।

ਅੰਤਰਰਾਸ਼ਟਰੀ ਬਜ਼ਾਰ ਵਿਚ ਅਮਰੀਕੀ ਵੈਸਟ ਟੈਕਸਾਸ ਇੰਟਰਮੀਡੀਏਟ ਕੱਚਾ ਤੇਲ ਦਾ ਮੁੱਲ ਸੋਮਵਾਰ ਨੂੰ ਸਵੇਰੇ 2 ਡਾਲਰ ਪ੍ਰਤੀ ਬੈਰਲ ਦਰਜ ਕੀਤਾ ਗਿਆ ਸੀ ਪਰ ਇਸ ਤੋਂ ਬਾਅਦ ਇਹ ਹੋਲੀ-ਹੋਲੀ ਘੱਟਦਾ 0.01 ਡਾਲਰ ਪ੍ਰਤੀ ਬੈਰਲ ਦੀ ਕੀਮਤ 'ਤੇ ਆ ਡਿੱਗਿਆ। ਇਸ ਤੋਂ ਇਕ ਦਿਨ ਪਹਿਲਾਂ ਬਜ਼ਾਰ ਖੁਲ੍ਹਣ 'ਤੇ 10.34 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ ਸੀ, ਜਿਹੜਾ ਕਿ 1986 ਤੋਂ ਬਾਅਦ ਇਸ ਦਾ ਸਭ ਤੋਂ ਹੇਠਲਾਂ ਪੱਧਰ ਸੀ। ਵਪਾਰੀਆਂ ਨੇ ਆਖਿਆ ਹੈ ਕਿ ਕੀਮਤ ਵਿਚ ਇੰਨੀ ਗਿਰਾਵਟ ਚਿੰਤਾਜਨਕ ਹੈ ਕਿਉਂਕਿ ਮਈ ਵਿਚ ਡਿਲੀਵਰੀ ਦੇ ਠੇਕੇ ਸੋਮਵਾਰ ਸ਼ਾਮ ਤੱਕ ਨਿਪਟਾਏ ਜਾਣਗੇ ਪਰ ਕੋਈ ਵੀ ਨਿਵੇਸ਼ਕ ਤੇਲ ਦੀ ਅਸਲ ਡਿਲੀਵਰੀ ਲੈਣਾ ਹੀ ਨਹੀਂ ਚਾਹੁੰਦਾ।ਉਥੇ ਹੀ ਕੋਰੋਨਾਵਾਇਰਸ ਕਾਰਨ ਅਮਰੀਕਾ ਵਿਚ ਹੁਣ ਤੱਕ 7,84,201 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 41,834 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 71,770 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ।


author

Khushdeep Jassi

Content Editor

Related News