ਮੈਰੀਲੈਂਡ ''ਚ ਮਿਲਿਆ ਸਿਵਲ ਯੁੱਧ ਨਾਲ ਸਬੰਧਤ ਬੰਬ ਕੀਤਾ ਨਕਾਰਾ
Tuesday, Mar 30, 2021 - 02:05 PM (IST)
ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ)-ਮੈਰੀਲੈਂਡ 'ਚ ਪਿਛਲੇ ਹਫ਼ਤੇ ਸਿਵਲ ਯੁੱਧ ਨਾਲ ਸਬੰਧਤ ਮਿਲੇ ਇਕ ਜ਼ਿੰਦਾ ਬੰਬ ਦੇ ਗੋਲੇ ਨੂੰ ਬੰਬ ਸਕੁਐਡ ਵਲੋਂ ਨਕਾਰਾ ਕਰ ਦਿੱਤਾ ਗਿਆ । ਮੈਰੀਲੈਂਡ 'ਚ ਇਕ ਘਰ ਦੇ ਮਾਲਕ ਨੇ ਇਹ ਵਿਸਫੋਟਕ ਸਮੱਗਰੀ ਮਿਲਣ ਤੋਂ ਬਾਅਦ ਸੂਬੇ ਦੇ ਫਾਇਰ ਮਾਰਸ਼ਲ ਨਾਲ ਸੰਪਰਕ ਕੀਤਾ । ਇਹ ਬੰਬ ਉਸ ਦੇ ਇਕ ਪਰਿਵਾਰਕ ਮੈਂਬਰ ਨੂੰ ਬਾਲਟੀਮੋਰ ਤੋਂ ਲੱਗਭਗ 50 ਮੀਲ ਪੱਛਮ ਵਿਚ, ਫਰੈਡਰਿਕ 'ਚ ਮੋਨੋਸੀ ਬੈਟਲਫੀਲਡ ਕੋਲ ਮਿਲਿਆ ਅਤੇ ਅਧਿਕਾਰੀਆਂ ਨੇ ਪੁਸ਼ਟੀ ਕਰਦਿਆਂ ਇਸ ਵਿਸਫੋਟਕ ਪਦਾਰਥ ਨੂੰ ਜ਼ਿੰਦਾ ਦੱਸਿਆ ਸੀ। ਬੰਬ ਟੈਕਨੀਸ਼ੀਅਨਾਂ ਨੇ ਇਸ ਵਿਸਫੋਟਕ ਸਮੱਗਰੀ ਨੂੰ ਹੇਗ੍ਰਸਟਾਊਨ ਵਿੱਚ ਬੀਵਰ ਕ੍ਰੀਕ ਕਿਏਰੀ ਵਿਚ ਭੇਜਿਆ, ਜਿੱਥੇ ਅਧਿਕਾਰੀਆਂ ਨੇ ਇਸ ਦਾ ਐਮਰਜੈਂਸੀ ਨਿਪਟਾਰਾ ਕੀਤਾ।
ਫਾਇਰ ਮਾਰਸ਼ਲ ਦੇ ਦਫਤਰ ਅਨੁਸਾਰ ਸਿਵਲ ਯੁੱਧ ਤੋਂ ਬਾਅਦ ਮਿਲਟਰੀ ਆਰਡਨੈਂਸ ਮੈਰੀਲੈਂਡ ਵਿੱਚ ਮਿਲਣਾ ਅਸਾਧਾਰਨ ਨਹੀਂ ਹੈ ਅਤੇ ਇਹ ਉਪਕਰਣ ਉਸੇ ਤਰ੍ਹਾਂ ਦਾ ਹੀ ਖ਼ਤਰਾ ਪੈਦਾ ਕਰਦੇ ਹਨ, ਜਿਸ ਲਈ ਸ਼ੁਰੂ 'ਚ ਤਿਆਰ ਕੀਤੇ ਗਏ ਸਨ। ਅਧਿਕਾਰੀਆਂ ਨੇ ਲੋਕਾਂ ਨੂੰ ਅਜਿਹੀਆਂ ਵਿਸਫੋਟਕ ਵਸਤੂਆਂ ਬਾਰੇ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ ਕਿਉਂਕਿ ਇਹ ਜਾਨਲੇਵਾ ਹੋ ਸਕਦੀਆਂ ਹਨ । 2008 'ਚ ਇਕ ਵਿਅਕਤੀ ਦੀ ਸਿਵਲ ਯੁੱਧ ਨਾਲ ਸਬੰਧਤ ਇਕ ਬੰਬ ਨਾਲ ਛੇੜਛਾੜ ਕਰਨ ਦੌਰਾਨ ਉਸ ਦੇ ਫਟਣ ਨਾਲ ਮੌਤ ਹੋ ਗਈ ਸੀ।