ਲਾਸ ਏਂਜਲਸ ਸ਼ਹਿਰ ''ਚ ਲੱਗੀ ਭਿਆਨਕ ਅੱਗ ਨੇ ਕਈ ਰਿਹਾਇਸ਼ੀ ਇਲਾਕੇ ਲਏ ਆਪਣੀ ਲਪੇਟ ''ਚ

09/05/2017 9:43:34 AM

ਲਾਸ ਏਂਜਲਸ/ਕੈਲੇਫੋਰਨੀਆ (ਨੀਟਾ ਮਾਛੀਕੇ)— ਪੂਰਾ ਕੈਲੇਫੋਰਨੀਆ ਹੀ ਤਪਸ਼ ਵਾਲੇ ਮੌਸਮ ਦੀ ਮਾਰ ਝੱਲ ਰਿਹਾ ਹੈ। ਸੈਂਟਰਲ ਵੈਲੀ ਵਿਚ ਪਾਰਾ 112 ਡਿਗਰੀ ਫੈਰਨਹੀਟ ਤੋਂ ਘਟਣ ਦਾ ਨਾ ਨਹੀਂ ਲੈ ਰਿਹਾ। ਇਸੇ ਦੌਰਾਨ ਕੈਲੇਫੋਰਨੀਆ ਦੇ ਕਈ ਜੰਗਲਾਂ ਵਿਚ ਭਿਆਨਕ ਅੱਗ ਲੱਗੀ ਹੋਈ ਹੈ। ਜਿਸ ਕਾਰਨ ਜਨ-ਜੀਵਨ ਵੀ ਪ੍ਰਭਾਵਤ ਹੋ ਰਿਹਾ ਹੈ। ਇਸ ਸਮੇਂ ਲਾਸ ਏਂਜਲਸ ਸ਼ਹਿਰ ਦੇ ਪਹਾੜੀ ਰਿਹਾਇਸ਼ੀ ਏਰੀਏ ਵਿਚ ਹੁਣ ਤੱਕ ਦੀ ਸਭ ਤੋਂ ਭਿਆਨਕ ਅੱਗ ਨੇ 5000 ਏਕੜ ਜ਼ਮੀਨ ਨੂੰ ਆਪਣੀ ਲਪੇਟ ਵਿਚ ਲਿਆ ਹੋਇਆ ਹੈ। ਪੂਰੇ ਕੈਲੇਫੋਰਨੀਆ ਤੋਂ ਸੈਂਕੜੇ ਫਾਇਰ ਫਾਈਟਰਸ ਇਸ ਭਿਆਨਕ ਅੱਗ ਨੂੰ ਬੁਝਾਉਣ ਲਈ ਦਿਨ-ਰਾਤ ਇਕ ਕਰ ਰਹੇ ਹਨ। ਇਸ ਅੱਗ ਨਾਲ ਹੁਣ ਤੱਕ ਅੱਧੀ ਦਰਜਨ ਦੇ ਕਰੀਬ ਮਕਾਨ ਸੜ ਚੁਕੇ ਹਨ। ਕਈ ਫਾਇਰ ਫਾਈਟਰਸ ਵੀ ਡੀ-ਹਾਈਡਰੇਸ਼ਨ ਨਾਲ ਜੂਝ ਰਹੇ ਹਨ ਅਤੇ ਕੁਝ ਕੁ ਮਮੂਲੀ ਜ਼ਖਮੀ ਵੀ ਹੋਏ ਹਨ। ਲਾਸ ਏਂਜਲਸ ਸਿਟੀ ਮੇਅਰ ਇਰਕ ਗਾਰਸਿਟੀ ਨੇ ਦੱਸਿਆ ਕਿ ਇਹ ਅੱਗ ਖੁਸ਼ਕ ਮੌਸਮ ਤੇ ਗਰਮੀ ਦੀ ਤਪਸ਼ ਨਾਲ ਸ਼ੁਰੂ ਹੋਈ ਅਤੇ ਸਭ ਤੋਂ ਪਹਿਲਾਂ ਇਸ ਨੇ ਟੂਨਾਂ ਕੈਨੀਅਨ ਏਰੀਏ ਨੂੰ ਆਪਣੀ ਲਪੇਟ ਵਿਚ ਲਿਆ। ਪਹਾੜੀ ਏਰੀਆ ਹੋਣ ਕਰ ਕੇ ਹਵਾਈ ਟੈਂਕਰਾਂ ਅਤੇ ਹੈਲੀਕਾਪਟਰਾਂ ਨੂੰ ਵਰਤੋਂ ਵਿਚ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸੁਰੱਖਿਅਤ ਥਾਂਵਾਂ 'ਤੇ ਵੀ ਪਹੁੰਚਾਇਆ ਗਿਆ ਹੈ ਅਤੇ ਉਨ੍ਹਾਂ ਆਸ ਜਤਾਈ ਹੈ ਕਿ ਜਲਦੀ ਹੀ ਇਸ ਅੱਗ 'ਤੇ ਕਾਬੂ ਪਾ ਲਿਆ ਜਾਵੇਗਾ। ਇਸੇ ਦੌਰਾਨ ਕੈਲੇਫੋਰਨੀਆ ਗਵਰਨਰ ਜੈਰੀ ਬਰਾਊਨ ਨੇ ਇਸ ਏਰੀਏ ਵਿਚ ਸਟੇਟ ਆਫ਼ ਐਮਰਜੈਂਸੀ ਵੀ ਐਲਾਨ ਕਰ ਦਿੱਤੀ ਹੈ।


Related News