ਸਮਰਾਲਾ 'ਚ ਪਰਾਲੀ ਦੀਆਂ ਗੱਠਾਂ ਨੂੰ ਲੱਗੀ ਭਿਆਨਕ ਅੱਗ, ਢਾਈ ਕਰੋੜ ਦੀ ਪਰਾਲੀ ਦਾ ਨੁਕਸਾਨ

Wednesday, Jun 19, 2024 - 05:11 PM (IST)

ਸਮਰਾਲਾ 'ਚ ਪਰਾਲੀ ਦੀਆਂ ਗੱਠਾਂ ਨੂੰ ਲੱਗੀ ਭਿਆਨਕ ਅੱਗ, ਢਾਈ ਕਰੋੜ ਦੀ ਪਰਾਲੀ ਦਾ ਨੁਕਸਾਨ

ਸਮਰਾਲਾ (ਵਿਪਨ) : ਅੱਜ ਸਵੇਰੇ ਸਮਰਾਲਾ ਦੇ ਨਜ਼ਦੀਕੀ ਪਿੰਡ ਬਗਲੀ ਕਲਾਂ 'ਚ 9 ਕਿਲ੍ਹਿਆਂ 'ਚ ਬਣੇ ਪਰਾਲੀ ਦੀਆਂ ਗੱਠਾਂ ਦੇ ਡੰਪ ਨੂੰ ਭਿਆਨਕ ਅੱਗ ਲੱਗ ਗਈ। ਇਸ ਦੌਰਾਨ ਕਰੀਬ ਢਾਈ ਕਰੋੜ ਰੁਪਏ ਦੀਆਂ ਪਰਾਲੀ ਦੀਆਂ ਗੱਠਾਂ ਸੜ ਕੇ ਸੁਆਹ ਹੋ ਗਈਆਂ। ਪਰਾਲੀ ਦੇ ਡੰਪ 'ਚ 800 ਟਨ ਪਰਾਲੀ ਦੀਆਂ ਗੱਠਾਂ ਪਈਆਂ ਸਨ। ਇਸ 'ਚ 500 ਟਨ ਪਰਾਲੀ ਦੀਆਂ ਗੱਠਾਂ ਸੜ ਕੇ ਸੁਆਹ ਹੋ ਗਈਆਂ। ਅੱਗ ਲੱਗਣ ਦਾ ਕਾਰਨ ਪਰਾਲੀ ਦੇ ਡੰਪ ਦੇ ਨਾਲ ਖੇਤਾਂ 'ਚ ਮੱਕੀ ਦੇ ਨਾੜ ਨੂੰ ਅੱਗ ਲਗਾਉਣਾ ਦੱਸਿਆ ਗਿਆ।

ਇਹ ਵੀ ਪੜ੍ਹੋ : ਪੰਜਾਬ 'ਚ Red Alert ਮਗਰੋਂ ਕਰਫ਼ਿਊ ਵਰਗੇ ਹਾਲਾਤ, ਸੂਬਾ ਵਾਸੀਆਂ ਲਈ ਜਾਰੀ ਹੋਈ Advisory

5 ਘੰਟਿਆਂ ਬਾਅਦ ਵੀ ਪਰਾਲੀ ਦੀਆਂ ਗੱਠਾਂ ਨੂੰ ਲੱਗੀ ਅੱਗ 'ਤੇ ਕਾਬੂ ਨਹੀਂ ਪਾਇਆ ਗਿਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ 'ਤੇ ਕਾਬੂ ਪਾਉਣ 'ਚ ਲਗਾਤਾਰ ਲੱਗੀਆਂ ਹੋਈਆਂ ਹਨ। ਪਰਾਲੀ ਦੀਆਂ ਗੱਠਾਂ ਦੀ ਫਰਮ ਦੇ ਮੁਨੀਮ ਰਣਜੋਤ ਸਿੰਘ ਨੇ ਦੱਸਿਆ ਕਿ ਪਿੰਡ ਬਗਲੀ ਕਲਾਂ 'ਚ ਸਾਡੀ ਫਰਮ ਵੱਲੋਂ ਪਰਾਲੀ ਦੀਆਂ ਗੱਠਾਂ ਦਾ ਡੰਪ 9 ਕਿਲ੍ਹਿਆਂ 'ਚ ਬਣਾਇਆ ਗਿਆ ਹੈ ਅਤੇ ਇਸ ਫਰਮ ਦੇ ਮਾਲਕ ਹੁਸ਼ਿਆਰਪੁਰ ਦੇ ਰਹਿਣ ਵਾਲੇ ਵਿਅਕਤੀ ਰਾਜੀਵ ਅਤੇ ਦੀਪਕ ਹਨ। ਮੁਨੀਮ ਰਣਜੋਧ ਸਿੰਘ ਨੇ ਦੱਸਿਆ ਕਿ ਡੰਪ ਦੇ ਨਾਲ ਖੇਤਾਂ 'ਚ ਕੁੱਝ ਦਿਨ ਪਹਿਲਾਂ ਮੱਕੀ ਦੀ ਵਾਢੀ ਹੋਈ ਸੀ ਅਤੇ ਬਾਅਦ 'ਚ ਖੇਤਾਂ 'ਚ ਬਚੀ ਫ਼ਸਲ ਦੀ ਨਾੜ ਨੂੰ ਖੇਤ ਮਾਲਕ ਵੱਲੋਂ ਅੱਗ ਲਗਾ ਦਿੱਤੀ ਗਈ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਭਿਆਨਕ ਗਰਮੀ ਦੌਰਾਨ ਪਾਵਰਕੱਟ, ਰਾਤ ਵੇਲੇ ਲੋਕਾਂ ਦਾ ਸੌਣਾ ਹੋਇਆ ਮੁਸ਼ਕਲ

ਇਸ ਤੋਂ ਬਾਅਦ ਹਵਾ ਚੱਲਣ ਦੇ ਕਰਕੇ ਅੱਗ ਉੱਡ ਕੇ ਪਰਾਲੀ ਦੇ ਡੰਪ 'ਚ ਆ ਗਈ ਅਤੇ ਪਰਾਲੀ ਦੀਆਂ ਗੱਠਾਂ ਨੂੰ ਤੁਰੰਤ ਅੱਗ ਲੱਗ ਗਈ। ਹਵਾ ਚੱਲਣ ਦੇ ਕਾਰਨ ਅੱਗ ਜਲਦੀ ਨਾਲ ਫੈਲ ਗਈ। ਮੁਨੀਮ ਰਣਜੋਤ ਸਿੰਘ ਨੇ ਦੱਸਿਆ 800 ਟਨ 'ਚੋਂ 500 ਟਨ ਪਰਾਲੀ ਦੀਆਂ ਗੱਠਾਂ ਸੜ ਕੇ ਸੁਆਹ ਹੋ ਗਈਆਂ, ਜਿਨ੍ਹਾਂ ਦੀ ਕੀਮਤ ਕਰੀਬ ਢਾਈ ਕਰੋੜ ਰੁਪਏ ਦੇ ਆਸ-ਪਾਸ ਹੈ। ਫਾਇਰ ਬ੍ਰਿਗੇਡ ਸਮਰਾਲਾ ਦੇ ਮੁਲਾਜ਼ਮ ਅੰਮ੍ਰਿਤ ਪਾਲ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਮਿਲਣ ਦੇ ਤੁਰੰਤ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬਝਾਉਣ ਲਈ ਬਗਲੀ ਕਲਾ ਵਿਖੇ ਪਹੁੰਚ ਗਈਆਂ। ਹੁਣ ਤੱਕ 20 ਤੋਂ 25 ਗੱਡੀਆਂ ਅੱਗ ਬੁਝਾਉਣ 'ਚ ਲੱਗ ਚੁੱਕੀਆਂ ਹਨ ਪਰ ਅੱਗ 'ਤੇ ਕਾਬੂ ਪਾਉਣ 'ਚ ਥੋੜ੍ਹਾ ਸਮਾਂ ਲੱਗੇਗਾ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News