ਅਮਰੀਕਾ 'ਚ ਵਪਾਰਕ ਰਹੱਸ ਚੋਰੀ ਕਰਨ ਦੇ ਦੋਸ਼ 'ਚ ਚੀਨੀ ਖੋਜਕਰਤਾ ਗ੍ਰਿਫ਼ਤਾਰ
Sunday, Aug 30, 2020 - 02:24 PM (IST)

ਵਾਸ਼ਿੰਗਟਨ - ਅਮਰੀਕਾ ਦੀ ਯੂਨੀਵਰਸਿਟੀ ਆਫ ਵਰਜੀਨੀਆ ’ਚ ਇਕ ਚੀਨੀ ਖੋਜਕਰਤਾ ਹਾਊਝੂ ਹੂ ਨੂੰ ਵਪਾਰਕ ਰਹੱਸ ਚੋਰੀ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਉੱਪਰ ਦੋਸ਼ ਹੈ ਕਿ ਉਨ੍ਹਾਂ ਨੇ ਬਿਨਾਂ ਅਧਿਕਾਰ ਇਕ ਕੰਪਿਊਟਰ ਦੀ ਵਰਤੋਂ ਕੀਤੀ ਅਤੇ ਕਿਸੇ ਪ੍ਰੋਟੈਕਟਿਡ ਕੰਪਿਊਟਰ ਤੋਂ ਅਧਿਕਾਰ ਨਾਲੋਂ ਜ਼ਿਆਦਾ ਜਾਣਕਾਰੀ ਕੱਢੀ ਅਤੇ ਵਪਾਰਕ ਰਹੱਸ ਚੋਰੀ ਕੀਤੇ। ਇਹ ਜਾਣਕਾਰੀ ਨਿਆਂ ਵਿਭਾਗ ਨੇ ਦਿੱਤੀ ਹੈ।
ਅਮਰੀਕਾ ਅਤੇ ਚੀਨ ਦਰਮਿਆਨ ਵਧੇ ਤਣਾਅ ਤੋਂ ਬਾਅਦ ਇਸ ਤਰ੍ਹਾਂ ਦੀਆਂ ਕਾਰਵਾਈਆਂ ’ਚ ਤੇਜ਼ੀ ਦੇਖੀ ਜਾ ਰਹੀ ਹੈ। ਅਮਰੀਕਾ ’ਚ ਚੀਨ ਦੇ ਕਈ ਨਾਗਰਿਕਾਂ ਨੂੰ ਜਾਸੂਸੀ ਦਾ ਦੋਸ਼ ਲਗਾ ਕੇ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।ਨਿਆਂ ਵਿਭਾਗ ਦੇ ਤਾਜ਼ਾ ਬਿਆਨ ’ਚ ਦੱਸਿਆ ਗਿਆ ਹੈ ਕਿ ਚੀਨੀ ਨਾਗਰਿਕ ਨੂੰ 2 ਸੰਘੀ ਅਪਰਾਧਾਂ ਨੂੰ ਲੈ ਕੇ ਅਪਰਾਧਿਕ ਸ਼ਿਕਾਇਤ ਦੇ ਕੁਝ ਦਿਨ ਬਾਅਦ ਚੀਨ ਦੀ ਉਡਾਣ ’ਤੇ ਚੜ੍ਹਨ ਦੀ ਕੋਸ਼ਿਸ਼ ਕਰਦਿਆਂ ਗ੍ਰਿਫਤਾਰ ਕੀਤਾ ਗਿਆ।
ਪ੍ਰਸ਼ਾਸਨ ਦੀ ਰੂਟੀਨ ਸਕ੍ਰੀਨਿੰਗ ’ਚ ਪਾਇਆ ਗਿਆ ਕਿ ਹੂ ਕੋਲ ਬਾਇਓ-ਇੰਸਪਾਇਰਡ ਰਿਸਰਚ ਸਿਮੁਲੇਸ਼ਨ ਸਾਫਟਵੇਅਰਸ ਕੋਡ ਸਨ ਜਿਸ ਦਾ ਉਨ੍ਹਾਂ ਕੋਲ ਅਧਿਕਾਰ ਨਹੀਂ ਸੀ ਅਤੇ ਇਸ ਵਿਚ ਵਰਜੀਨੀਆ ਯੂਨੀਵਰਸਿਟੀ ਦੇ ਮੈਂਬਰਾਂ ਦੀਆਂ ਸਾਲਾਂ ਦੀਆਂ ਖੋਜਾਂ ਅਤੇ ਸਰੋਤ ਵਿਕਾਸ ਦੇ ਨਤੀਜੇ ਸਨ।