ਚੀਨ ਦੇ ਪ੍ਰਧਾਨ ਮੰਤਰੀ ਨੇ ਯੂਕ੍ਰੇਨ ਦੀ ਸਥਿਤੀ ''ਤੇ ਜਤਾਈ ਚਿੰਤਾ, ਰੂਸ ''ਤੇ ਪਾਬੰਦੀਆਂ ਨੂੰ ਦੱਸਿਆ ਗਲਤ

Friday, Mar 11, 2022 - 11:33 AM (IST)

ਚੀਨ ਦੇ ਪ੍ਰਧਾਨ ਮੰਤਰੀ ਨੇ ਯੂਕ੍ਰੇਨ ਦੀ ਸਥਿਤੀ ''ਤੇ ਜਤਾਈ ਚਿੰਤਾ, ਰੂਸ ''ਤੇ ਪਾਬੰਦੀਆਂ ਨੂੰ ਦੱਸਿਆ ਗਲਤ

ਬੀਜਿੰਗ (ਭਾਸ਼ਾ)- ਚੀਨ ਦੇ ਪ੍ਰਧਾਨ ਮੰਤਰੀ ਲੀ ਕੇਕਿਆਂਗ ਨੇ ਯੂਕ੍ਰੇਨ ਦੀ ਮੌਜੂਦਾ ਸਥਿਤੀ ‘ਤੇ ਚਿੰਤਾ ਜ਼ਾਹਰ ਕਰਦੇ ਹੋਏ ਸ਼ੁੱਕਰਵਾਰ ਨੂੰ ਸ਼ਾਂਤੀ ਬਹਾਲ ਕਰਨ ਲਈ ‘ਸਕਾਰਾਤਮਕ ਭੂਮਿਕਾ’ ਨਿਭਾਉਣ ਦੀ ਪੇਸ਼ਕਸ਼ ਕੀਤੀ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਰੂਸ ਖ਼ਿਲਾਫ਼ ਅਮਰੀਕਾ ਅਤੇ ਯੂਰਪੀਅਨ ਯੂਨੀਅਨ ਦੀਆਂ ਪਾਬੰਦੀਆਂ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਇਹ ਕੋਵਿਡ-19 ਗਲੋਬਲ ਮਹਾਮਾਰੀ ਦੇ ਪ੍ਰਭਾਵਾਂ ਤੋਂ ਉਭਰ ਰਹੀ ਵਿਸ਼ਵ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਾਉਣਗੀਆਂ। 

ਚੀਨ ਦੇ ਪ੍ਰਧਾਨ ਮੰਤਰੀ ਲੀ ਕੇਕਿਯਾਂਗ ਨੇ ਸਾਲਾਨਾ ਸੰਸਦ ਸੈਸ਼ਨ ਦੀ ਸਮਾਪਤੀ 'ਤੇ ਇਕ ਨਿਊਜ਼ ਕਾਨਫਰੰਸ ਨੂੰ ਕਿਹਾ ਕਿ ਚੀਨ ਨੇ ਯੂਕ੍ਰੇਨ ਵਿਚ ਵੱਡੇ ਮਾਨਵਤਾਵਾਦੀ ਸੰਕਟ ਨੂੰ ਰੋਕਣ ਲਈ ਬਹੁਤ ਜ਼ਿਆਦਾ ਸੰਜਮ ਦੀ ਮੰਗ ਕੀਤੀ ਹੈ। ਲੀ ਨੇ ਕਿਹਾ ਕਿ ਯੂਕ੍ਰੇਨ ਦੀ ਮੌਜੂਦਾ ਸਥਿਤੀ ਗੰਭੀਰ ਹੈ ਅਤੇ ਚੀਨ ਇਸ ਨੂੰ ਲੈ ਕੇ ਡੂੰਘੀ ਚਿੰਤਾ ਵਿਚ ਹੈ। ਰੂਸ ਦੇ 24 ਫਰਵਰੀ ਨੂੰ ਯੂਕ੍ਰੇਨ ਵਿਚ ਫ਼ੌਜੀ ਕਾਰਵਾਈ ਸ਼ੁਰੂ ਕਰਨ ਦੇ ਬਾਅਦ ਤੋਂ ਅਮਰੀਕਾ, ਯੂਰਪੀ ਸੰਘ ਅਤੇ ਸਬੰਧਤ ਦੇਸ਼ਾਂ ਨੇ ਰੂਸ ਨੂੰ ਅੰਤਰਰਾਸ਼ਟਰੀ ਬੈਂਕਿੰਗ ਪ੍ਰਣਾਲੀ 'ਸਵਿਫਟ' ਤੋਂ ਉਸ ਦੇ ਵੱਖ ਕਰਨ ਸਮੇਤ ਲਗਭਗ ਸਾਰੇ ਖੇਤਰਾਂ ਵਿਚ ਉਸ ਖ਼ਿਲਾਫ਼ ਸਖ਼ਤ ਪਾਬੰਦੀਆਂ ਲਗਾਈਆਂ ਹਨ। ਉਨ੍ਹਾਂ ਨੇ ਕਿਹਾ ਕਿ ਚੀਨ ਸੰਕਟ ਦੇ ਸ਼ਾਂਤਮਈ ਹੱਲ ਲਈ ਸਾਰੇ ਯਤਨਾਂ ਦਾ ਸਮਰਥਨ ਕਰਦਾ ਹੈ ਅਤੇ ਇਸ ਵਿੱਚ ਸਕਾਰਾਤਮਕ ਭੂਮਿਕਾ ਨਿਭਾਏਗਾ। ਉਨ੍ਹਾਂ ਨੇ ਕਿਹਾ ਕਿ ਸਾਨੂੰ ਪੂਰੀ ਉਮੀਦ ਹੈ ਕਿ ਸਥਿਤੀ ਆਮ ਵਾਂਗ ਹੋ ਜਾਵੇਗੀ ਅਤੇ ਪਹਿਲਾਂ ਵਾਂਗ ਸ਼ਾਂਤੀ ਕਾਇਮ ਹੋਵੇਗੀ। 

ਪੜ੍ਹੋ ਇਹ ਅਹਿਮ ਖ਼ਬਰ - ਟਰੂਡੋ ਦਾ ਵੱਡਾ ਬਿਆਨ, ਕਿਹਾ-ਵੱਧ ਤੋਂ ਵੱਧ ਯੂਕ੍ਰੇਨੀ ਲੋਕਾਂ ਨੂੰ ਦੇਸ਼ 'ਚ ਦੇਵਾਂਗੇ ਸ਼ਰਨ

ਯੂਕ੍ਰੇਨ ਦੇ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) 'ਚ ਸ਼ਾਮਲ ਹੋਣ 'ਤੇ ਰੂਸ ਦੀਆਂ ਚਿੰਤਾਵਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਕਰਦੇ ਹੋਏ ਜਾਇਜ਼ ਸੁਰੱਖਿਆ ਦੇਸ਼ਾਂ ਦੀਆਂ ਚਿੰਤਾਵਾਂ ਨੂੰ ਵੀ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਲੀ ਨੇ ਕਿਹਾ ਕਿ ਸਾਰੇ ਦੇਸ਼ਾਂ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਸੰਯੁਕਤ ਰਾਸ਼ਟਰ ਚਾਰਟਰ ਦੇ ਉਦੇਸ਼ਾਂ ਅਤੇ ਸਿਧਾਂਤਾਂ ਦਾ ਪਾਲਣ ਕਰਨਾ ਚਾਹੀਦਾ ਹੈ ਅਤੇ ਸਾਰੇ ਦੇਸ਼ਾਂ ਦੀਆਂ ਜਾਇਜ਼ ਚਿੰਤਾਵਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਸ ਆਧਾਰ 'ਤੇ ਚੀਨ ਆਪਣਾ ਮੁਲਾਂਕਣ ਕਰੇਗਾ ਅਤੇ ਸ਼ਾਂਤੀ ਦੀ ਜਲਦ ਬਹਾਲੀ ਲਈ ਸਕਰਾਤਮਕ ਭੂਮਿਕਾ ਨਿਭਾਉਣ ਲਈ ਅੰਤਰਰਾਸ਼ਟਰੀ ਭਾਈਚਾਰੇ ਨਾਲ ਕੰਮ ਕਰੇਗਾ। ਲੀ ਨੇ ਕਿਹਾ ਕਿ ਰੂਸ 'ਤੇ ਲਗਾਈਆਂ ਜਾ ਰਹੀਆਂ ਪਾਬੰਦੀਆਂ ਵਿਸ਼ਵ ਅਰਥਚਾਰੇ ਨੂੰ ਨੁਕਸਾਨ ਪਹੁੰਚਾਉਣਗੀਆਂ।

ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਕਾਰਨ ਵਿਸ਼ਵ ਅਰਥਚਾਰੇ ਨੂੰ ਪਹਿਲਾਂ ਹੀ ਡੂੰਘਾ ਨੁਕਸਾਨ ਹੋਇਆ ਹੈ। ਇਹ ਪਾਬੰਦੀਆਂ ਵਿਸ਼ਵ ਅਰਥਚਾਰੇ ਨੂੰ ਹੋਰ ਨੁਕਸਾਨ ਪਹੁੰਚਾਉਣਗੀਆਂ। ਇਹ ਕਿਸੇ ਦੇ ਹਿੱਤ ਵਿੱਚ ਨਹੀਂ ਹੈ। ਲੀ ਨੇ ਕਿਹਾ ਕਿ ਚੀਨ ਸ਼ਾਂਤੀ ਅਤੇ ਸਥਿਰਤਾ ਨੂੰ ਕਾਇਮ ਰੱਖਣ ਅਤੇ ਵਿਕਾਸ ਅਤੇ ਖੁਸ਼ਹਾਲੀ ਨੂੰ ਬੜ੍ਹਾਵਾ ਦੇਣ ਲਈ ਆਪਣੇ ਉਸਾਰੂ ਯਤਨ ਕਰਨ ਲਈ ਤਿਆਰ ਹੈ। ਲੀ ਨੇ ਕਿਹਾ ਕਿ ਯੂਕ੍ਰੇਨ ਖ਼ਿਲਾਫ਼ ਫ਼ੌਜੀ ਕਾਰਵਾਈ ਸ਼ੁਰੂ ਕਰਨ ਤੋਂ ਬਾਅਦ ਚੀਨ ਨੇ ਇਸ ਮੁੱਦੇ 'ਤੇ ਕਾਫੀ ਨਿਰਪੱਖ ਰੁਖ਼ ਅਪਣਾਇਆ ਹੈ। ਅਤੇ ਰੂਸ ਦੀ ਕਾਰਵਾਈ ਨੂੰ ਹਮਲਾ ਮੰਨਣ ਅਤੇ ਨਿੰਦਾ ਕਰਨ ਤੋਂ ਇਨਕਾਰ ਕਰਦਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News