ਚੀਨ ਨੇ ਉਜਾੜਿਆ ਪਾਕਿਸਤਾਨੀ ਵਿਅਕਤੀ ਦਾ ਪਰਿਵਾਰ, ਪਤਨੀ ਤੇ ਪੁੱਤ ਨੂੰ ਲਿਆ ਹਿਰਾਸਤ ''ਚ
Sunday, Sep 27, 2020 - 04:43 PM (IST)
ਇਸਲਾਮਾਬਾਦ- ਚੀਨ ਸ਼ਿਨਜਿਆਂਗ ਸੂਬੇ ਵਿਚ ਰਹਿੰਦੇ ਉਈਗਰ ਮੁਸਲਮਾਨਾਂ 'ਤੇ ਅੱਤਿਆਚਾਰ ਕਰ ਰਿਹਾ ਹੈ। ਕਿੱਤਾ ਮੁਖੀ ਸਿੱਖਿਆ ਦੇ ਨਾਮ 'ਤੇ ਲੱਖਾਂ ਮੁਸਲਮਾਨਾਂ ਨੂੰ ਵੱਡੇ ਨਜ਼ਰਬੰਦ ਕੈਂਪਾਂ ਵਿੱਚ ਰੱਖਿਆ ਗਿਆ ਹੈ। ਜਿੱਥੇ ਉਨ੍ਹਾਂ ਨੂੰ ਇਸਲਾਮ ਦੀ ਪੂਜਾ ਕਰਨ ਅਤੇ ਉਈਗਰ ਭਾਸ਼ਾ ਬੋਲਣ ਦੀ ਸਖਤ ਮਨਾਹੀ ਹੈ। ਕੈਂਪਾਂ ਵਿਚ ਸਿਖਲਾਈ ਦੇ ਨਾਂ 'ਤੇ, ਇਨ੍ਹਾਂ ਲੋਕਾਂ ਨੂੰ ਚੀਨੀ ਕਮਿਊਨਿਸਟ ਪਾਰਟੀ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਪ੍ਰਸ਼ੰਸਾ ਦਾ ਸਬਕ ਸਿਖਾਇਆ ਜਾਂਦਾ ਹੈ। ਅਜਿਹੇ ਹੀ ਇਕ ਪਾਕਿਸਤਾਨੀ ਮੁਸਲਮਾਨ, ਸਿਕੰਦਰ ਹਯਾਤ ਨੇ ਕਿਹਾ ਕਿ ਉਸ ਦੀ ਉਈਗੁਰ ਪਤਨੀ ਅਤੇ ਬੇਟੇ ਨੂੰ ਚੀਨੀ ਪ੍ਰਸ਼ਾਸਨ ਨੇ ਜ਼ਬਰਦਸਤੀ ਨਜ਼ਰਬੰਦੀ ਕੈਂਪਾਂ ਵਿਚ ਬੰਦ ਕਰ ਦਿੱਤਾ ਹੈ।
ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਸਿਕੰਦਰ ਹਯਾਤ ਮੂਲ ਰੂਪ ਤੋਂ ਪਾਕਿਸਤਾਨੀ ਹੈ। ਉਨ੍ਹਾਂ ਚੀਨ ਵਿਚ ਰਹਿਣ ਦੌਰਾਨ ਸ਼ਿਨਜਿਆਂਗ ਦੀ ਰਹਿਣ ਵਾਲੀ ਇਕ ਕੁੜੀ ਨਾਲ ਵਿਆਹ ਕਰਵਾਇਆ ਸੀ। ਸ਼ਿਨਿਜਆਂਗ ਵਿਚ ਚੀਨ ਦੇ ਤਸ਼ੱਦਦਾਂ ਤੋਂ ਤੰਗ ਆ ਕੇ ਉਹ 2017 ਵਿਚ ਆਪਣੇ ਪੁੱਤ ਅਰਾਫਾਤ ਨਾਲ ਸਰਹੱਦ ਪਾਰ ਆਪਣੇ ਪੁਰਖਿਆਂ ਦੇ ਦੇਸ਼ ਪਾਕਿਸਤਾਨ ਆ ਗਏ। ਸਿਕੰਦਰ ਨੂੰ ਅਜੇ ਪਾਕਿਸਤਾਨ ਵਿਚ ਆਏ 2 ਕੁ ਹਫਤੇ ਹੀ ਹੋਏ ਸਨ ਕਿ ਚੀਨ ਤੋਂ ਆਏ ਇਕ ਫੋਨ ਨੇ ਉਸ ਦਾ ਪਰਿਵਾਰ ਵੱਖ ਕਰ ਦਿੱਤਾ।
ਸ਼ਿਨਜਿਆਂਗ ਵਿਚ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਨੂੰ ਕੁਝ ਚੀਨੀ ਅਧਿਕਾਰੀ ਹਿਰਾਸਤ ਵਿਚ ਲੈ ਕੇ ਨਜ਼ਰਬੰਦੀ ਕੈਂਪ ਲੈ ਕੇ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅਧਿਕਾਰੀਆਂ ਨੇ ਤੁਹਾਨੂੰ ਤੁਹਾਡੇ ਪੁੱਤ ਨਾਲ ਪੁੱਛ-ਪੜਤਾਲ ਕਰਨ ਲਈ ਸੱਦਿਆ ਹੈ। ਜਿਵੇਂ ਹੀ ਉਹ ਉੱਥੇ ਪੁੱਜੇ ਤਾਂ ਚੀਨੀ ਪੁਲਸ ਨੇ ਉਨ੍ਹਾਂ ਦੇ ਪੁੱਤ ਨੂੰ ਹਿਰਾਸਤ ਵਿਚ ਲੈ ਲਿਆ ।
ਚੀਨੀ ਪੁਲਸ ਨੇ ਕਿਹਾ ਸੀ ਕਿ ਉਹ ਦੋ ਕੁ ਹਫਤੇ ਤੱਕ ਬੱਚੇ ਕੋਲੋਂ ਪੁੱਛ-ਪੜਤਾਲ ਕਰਕੇ ਉਸ ਨੂੰ ਛੱਡ ਦੇਣਗੇ ਪਰ ਅਜੇ ਤੱਕ ਉਨ੍ਹਾਂ ਦਾ ਪੁੱਤ ਤੇ ਪਤਨੀ ਵਾਪਸ ਨਹੀਂ ਛੱਡੇ ਗਏ। ਹੁਣ ਉਨ੍ਹਾਂ ਦੀਆਂ ਧੀਆਂ ਅਨਾਥ ਆਸ਼ਰਮ ਜਾਣ ਨੂੰ ਮਜਬੂਰ ਹਨ। ਪਾਕਿਸਤਾਨੀ ਹੋਣ ਕਾਰਨ ਸਿਕੰਦਰ ਨੂੰ ਚੀਨੀ ਪੁਲਸ ਨੇ ਹਿਰਾਸਤ ਵਿਚ ਨਹੀਂ ਲਿਆ। ਚੀਨ ਨੂੰ ਡਰ ਹੈ ਕਿ ਸ਼ਿਨਜਿਆਂਗ ਦੇ ਮੁਸਲਮਾਨ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਅੱਤਵਾਦੀ ਗੁੱਟਾਂ ਨਾਲ ਮਿਲ ਕੇ ਧਰਮ ਦੇ ਨਾਂ 'ਤੇ ਅੱਤਵਾਦ ਮਚਾ ਸਕਦੇ ਹਨ। ਇਸ ਕਾਰਨ ਉਹ ਚੀਨੀ ਉਈਗਰਾਂ ਦੇ ਸੱਭਿਆਚਾਰ ਤੇ ਧਰਮ ਨੂੰ ਹੀ ਖਤਮ ਕਰਨ 'ਤੇ ਲੱਗਾ ਹੈ। ਸ਼ਿਨਜਿਆਂਗ ਵਿਚ ਲੱਖਾਂ ਮਸੀਤਾਂ ਢਾਹ ਦਿੱਤੀਆਂ ਗਈਆਂ ਹਨ ਤੇ ਨਮਾਜ਼ ਪੜ੍ਹਨ ਤੇ ਰੋਜ਼ੇ ਰੱਖਣ 'ਤੇ ਪਾਬੰਦੀ ਹੈ।