ਚੀਨ ਕੋਲ 2035 ਤਕ 1500 ਪਰਮਾਣੂ ਹਥਿਆਰਾਂ ਦਾ ਭੰਡਾਰ ਹੋਵੇਗਾ : ਪੇਂਟਾਗਨ ਰਿਪੋਰਟ

Wednesday, Nov 30, 2022 - 01:17 PM (IST)

ਚੀਨ ਕੋਲ 2035 ਤਕ 1500 ਪਰਮਾਣੂ ਹਥਿਆਰਾਂ ਦਾ ਭੰਡਾਰ ਹੋਵੇਗਾ : ਪੇਂਟਾਗਨ ਰਿਪੋਰਟ

ਵਾਸ਼ਿੰਗਟਨ (ਭਾਸ਼ਾ)– ਚੀਨ ਕੋਲ 2035 ਤਕ ਲਗਭਗ 1500 ਪਰਮਾਣੂ ਹਥਿਆਰਾਂ ਦਾ ਭੰਡਾਰ ਹੋਣ ਦੀ ਸੰਭਾਵਨਾ ਹੈ। ਅਜੇ ਉਸ ਕੋਲ ਲਗਭਗ 400 ਪਰਮਾਣੂ ਹਥਿਆਰਾਂ ਦਾ ਭੰਡਾਰ ਹੈ। ਪੇਂਟਾਗਨ ਨੇ ਇਹ ਜਾਣਕਾਰੀ ਦਿੱਤੀ।

ਚੀਨ ਦੇ ਸਭ ਤੋਂ ਵੱਡੇ ਫੌਜੀ ਪ੍ਰੋਗਰਾਮ ’ਤੇ ਸੰਸਦ ’ਚ ਦਿੱਤੀ ਆਪਣੀ ਸਾਲਾਨਾ ਰਿਪੋਰਟ ’ਚ ਪੇਂਟਾਗਨ ਨੇ ਮੰਗਲਵਾਰ ਨੂੰ ਕਿਹਾ ਕਿ ਅਗਲੇ ਦਹਾਕੇ ਤਕ ਬੀਜਿੰਗ ਦਾ ਮਕਸਦ ਆਪਣੀਆਂ ਪਰਮਾਣੂ ਤਾਕਤਾਂ ਦਾ ਆਧੁਨਿਕੀਕਰਨ ਕਰਨਾ, ਉਸ ’ਚ ਵਿਭਿੰਨਤਾ ਲਿਆਉਣੀ ਤੇ ਉਸ ਦਾ ਵਿਸਥਾਰ ਕਰਨਾ ਹੈ।

ਇਹ ਖ਼ਬਰ ਵੀ ਪੜ੍ਹੋ : ਕੈਨੇਡਾ 'ਚ ਜ਼ਿਆਦਾਤਰ ਵਿਦਿਆਰਥੀ ਸਟੱਡੀ ਪਰਮਿਟ ਦੇਣ ਵਾਲੇ ਸੂਬਿਆਂ 'ਚ ਰਹਿਣ ਨੂੰ ਦੇ ਰਹੇ ਤਰਜੀਹ

ਉਸ ਨੇ ਕਿਹਾ ਕਿ ਚੀਨ ਦੀ ਮੌਜੂਦਾ ਪਰਮਾਣੂ ਆਧੁਨਿਕੀਕਰਨ ਦੀ ਪ੍ਰੈਕਟਿਸ ਪਹਿਲਾਂ ਦੀਆਂ ਆਧੁਨਿਕੀਕਰਨ ਦੀਆਂ ਕੋਸ਼ਿਸ਼ਾਂ ਦੇ ਮੁਕਾਬਲੇ ਕਿਤੇ ਵੱਡੇ ਪੱਧਰ ’ਤੇ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਚੀਨ ਜ਼ਮੀਨ, ਸਮੁੰਦਰ ਤੇ ਵਾਯੂ ਆਧਾਰਿਤ ਪਰਮਾਣੂ ਮੰਚਾਂ ਦੀ ਗਿਣਤੀ ਵਧਾ ਰਿਹਾ ਹੈ ਤੇ ਆਪਣੇ ਪਰਮਾਣੂ ਬਲਾਂ ਦਾ ਵਿਸਥਾਰ ਕਰਨ ਲਈ ਜ਼ਰੂਰੀ ਬੁਨਿਆਦੀ ਢਾਂਚੇ ਦਾ ਨਿਰਮਾਣ ਕਰ ਰਿਹਾ ਹੈ।

ਪੇਂਟਾਗਨ ਨੇ ਕਿਹਾ ਕਿ ਉਸ ਦਾ ਅੰਦਾਜ਼ਾ ਹੈ ਕਿ ਚੀਨ ਦਾ ਕਾਰਜਸ਼ੀਲ ਪਰਮਾਣੂ ਹਥਿਆਰਾਂ ਦਾ ਭੰਡਾਰ 400 ਦੇ ਪਾਰ ਚਲਾ ਗਿਆ ਹੈ। ਰਿਪੋਰਟ ਮੁਤਾਬਕ ਪੀਪਲਸ ਲਿਬਰੇਸ਼ਨ ਆਰਮੀ (ਪੀ. ਐੱਲ. ਏ.) ਦੀ 2035 ਤਕ ਆਪਣੇ ਦੇਸ਼ ਦੀ ਰੱਖਿਆ ਤੇ ਹਥਿਆਰਬੰਦ ਬਲਾਂ ਦਾ ‘ਆਧੁਨਿਕੀਕਰਨ ਪੂਰਾ ਕਰਨ’ ਦੀ ਯੋਜਨਾ ਹੈ। ਇਸ ’ਚ ਕਿਹਾ ਗਿਆ ਹੈ, ‘‘ਜੇਕਰ ਚੀਨ ਇਸੇ ਰਫ਼ਤਾਰ ਨਾਲ ਪਰਮਾਣੂ ਵਿਸਥਾਰ ਕਰਦਾ ਹੈ ਤਾਂ 2035 ਤਕ ਲਗਭਗ 1500 ਪਰਮਾਣੂ ਹਥਿਆਰਾਂ ਦਾ ਭੰਡਾਰ ਕਰ ਸਕਦਾ ਹੈ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News