ਚੀਨ ਦੀ ਚਿਤਾਵਨੀ, ਡੋਕਲਾਮ ਤੋਂ ਆਪਣੀ ਫੌਜ ਹਟਾਵੇ ਭਾਰਤ, ਨਹੀਂ ਤਾਂ ਹੋਣਾ ਪਵੇਗਾ ਸ਼ਰਮਿੰਦਾ

07/17/2017 2:36:22 AM

ਪੇਈਚਿੰਗ— ਸਿੱਕਿਮ ਸੈਕਟਰ ਵਿਚ ਜਾਰੀ ਅੜਿੱਕੇ ਦਰਮਿਆਨ ਚੀਨ ਨੇ ਇਕ ਵਾਰ ਫਿਰ ਧਮਕੀ ਦਿੰਦੇ ਹੋਏ ਕਿਹਾ ਕਿ ਜਦ ਤਕ ਭਾਰਤ ਆਪਣੀ ਫੌਜ ਨੂੰ ਪਿੱਛੇ ਨਹੀਂ ਹਟਾਉਂਦਾ ਤਦ ਤਕ ਸਰਹੱਦੀ ਮੁੱਦੇ 'ਤੇ ਕੋਈ ਗੱਲ ਨਹੀਂ ਹੋਵੇਗੀ। ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਫੌਜੀਆਂ ਨੂੰ ਵਾਪਸ ਸੱਦਣ ਦੀ ਮੰਗ 'ਤੇ ਕੰਨ ਬੰਦ ਕਰਨ ਨਾਲ ਅੜਿੱਕਾ ਹੋਰ ਵਧੇਗਾ। ਇਸ ਨਾਲ ਅੱਗੇ ਚੱਲ ਕੇ ਭਾਰਤ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਵੇਗਾ।
ਭਾਰਤੀ ਵਿਦੇਸ਼ ਮੰਤਰਾਲਾ ਨੇ ਵੀਰਵਾਰ  ਨੂੰ ਕਿਹਾ ਸੀ ਕਿ ਸਿੱਕਿਮ ਸੈਕਟਰ ਵਿਚ ਜਾਰੀ ਅੜਿੱਕੇ ਦੇ ਹੱਲ ਲਈ ਦੋਵਾਂ ਦੇਸ਼ਾਂ ਵਿਚਾਲੇ ਡਿਪਲੋਮੈਟਿਕ ਚੈਨਲਜ਼ ਮੁਹੱਈਆ ਹਨ। ਹਾਲਾਂਕਿ ਸਰਕਾਰੀ ਨਿਊਜ਼ ਏਜੰਸੀ ਨੇ ਭਾਰਤ ਦੇ ਦਾਅਵੇ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਜਦ ਤਕ ਭਾਰਤੀ ਫੌਜ ਡੋਕਲਾਮ ਵਿਚ ਪਿੱਛੇ ਨਹੀਂ ਹਟਦੀ ਤਦ ਤਕ ਗੱਲਬਾਤ ਦੀ ਕੋਈ ਗੁੰਜਾਇਸ਼ ਨਹੀਂ।
ਰਿਪੋਰਟ ਵਿਚ ਅੱਗੇ ਲਿਖਿਆ ਹੈ ਕਿ ਚੀਨ ਲਈ ਬਾਰਡਰ ਲਾਈਨ ਹੀ ਬਾਟਮ ਲਾਈਨ ਹੈ। ਚੀਨ ਸਮੱਸਿਆ ਦਾ ਸ਼ਾਂਤੀਪੂਰਨ ਅਤੇ ਡਿਪਲੋਮੈਟਿਕ ਤਰੀਕਿਆਂ ਨਾਲ ਹੱਲ ਚਾਹੁੰਦਾ ਹੈ ਅਤੇ ਉਸ ਨੇ ਸਰਹੱਦੀ ਇਲਾਕਿਆਂ ਵਿਚ ਸ਼ਾਤੀ ਵੀ ਬਣਾਈ ਹੋਈ ਹੈ ਪਰ ਗੱਲਬਾਤ ਲਈ ਪਹਿਲਾਂ ਸ਼ਰਤ ਇਹ ਹੈ ਕਿ ਭਾਰਤ ਨੂੰ ਬਿਨਾਂ ਸ਼ਰਤ ਆਪਣੇ ਫੌਜੀਆਂ ਨੂੰ ਵਾਪਸ ਸੱਦਣਾ ਹੋਵੇਗਾ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਨੂੰ ਮੌਜੂਦਾ ਸਥਿਤੀ ਨੂੰ 2013 ਤੇ 2014 ਵਿਚ ਲੱਦਾਖ ਖੇਤਰ ਵਿਚ ਪਿਛਲੇ ਦੋ ਅੜਿੱਕਿਆਂ ਵਾਂਗ ਨਹੀਂ ਲੈਣਾ ਚਾਹੀਦਾ ਕਿਉਂਕਿ ਇਸ ਵਾਰ ਮਾਮਲਾ ਬਿਲਕੁਲ ਵੱਖਰਾ ਹੈ।


Related News