ਚੀਨ ਵਿਚ ਇੰਸ਼ੋਰੈਂਸ ਕੰਪਨੀ ਨੇ ਕੀਤਾ ਫਰਜ਼ੀਵਾੜਾ ਤਾਂ ਸਰਕਾਰ ਨੇ ਕੀਤੀ ਇਹ ਕਾਰਵਾਈ

02/23/2018 5:24:57 PM

ਬੀਜਿੰਗ (ਏਜੰਸੀ)- ਦੁਨੀਆ ਦੀ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਮੁਲਕ ਚੀਨ ਵਿਚ ਭ੍ਰਿਸ਼ਟਾਚਾਰ ਖਿਲਾਫ ਕੋਈ ਢਿੱਲ ਨਹੀਂ ਵਰਤੀ ਜਾ ਰਹੀ ਹੈ। ਜਿਸ ਦੇ ਚਲਦੇ ਭ੍ਰਿਸ਼ਟਾਚਾਰੀਆਂ ਦੇ ਹੌਸਲੇ ਪਸਤ ਹੋਏ ਹਨ। ਉਥੇ ਭ੍ਰਿਸ਼ਟਾਚਾਰ ਦੇ ਮਾਮਲੇ ਸਾਹਮਣੇ ਆਉਂਦੇ ਹੀ ਕਾਰਵਾਈ ਕੀਤੀ ਜਾਂਦੀ ਹੈ ਅਤੇ ਭ੍ਰਿਸ਼ਟਾਚਾਰ ਵਿਚ ਸ਼ਾਮਲ ਲੋਕਾਂ ਨੂੰ ਦੇਸ਼ ਵਿਚੋਂ ਭੱਜਣ ਦਾ ਮੌਕਾ ਹੀ ਨਹੀਂ ਮਿਲਦਾ ਹੈ। ਇਹੀ ਵਜ੍ਹਾ ਹੈ ਕਿ ਪਿਛਲੇ ਕੁਝ ਸਾਲਾਂ ਵਿਚ ਚੀਨ ਵਿਚ ਭ੍ਰਿਸ਼ਟਾਚਾਰ ਕਾਫੀ ਹੱਦ ਤੱਕ ਘੱਟ ਵੀ ਹੋਇਆ ਹੈ।
ਨੀਰਵ ਮੋਦੀ ਤੋਂ ਬਾਅਦ ਚੀਨ ਵਿਚ ਇਕ ਇੰਸ਼ੋਰੈਂਸ ਕੰਪਨੀ ਵਿਚ ਫਰਜ਼ੀਵਾੜੇ ਦਾ ਮਾਮਲਾ ਸਾਹਮਣੇ ਆਇਆ ਤਾਂ ਉਥੋਂ ਦੀ ਸਰਕਾਰ ਤੁਰੰਤ ਹਰਕਤ ਵਿਚ ਆਈ ਅਤੇ ਵੱਡੀ ਕਾਰਵਾਈ ਕੀਤੀ। ਚੀਨੀ ਅਖਬਾਰ ਗਲੋਬਲ ਟਾਈਮਜ਼ ਮੁਤਾਬਕ ਚੀਨ ਵਿਚ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅਨਬਾਂਗ ਇੰਸ਼ੋਰੈਂਸ ਗਰੁੱਪ ਦੇ ਸਾਬਕਾ ਸੀ.ਈ.ਓ. ਨਿਊ ਸ਼ਿਆਓਹੁਈ ਨੂੰ ਦੋਸ਼ੀ ਬਣਾਇਆ ਗਿਆ ਹੈ। ਨਾਲ ਹੀ ਚਾਈਨਾ ਇੰਸ਼ੋਰੈਂਸ ਰੈਗੂਲੇਟਰੀ ਕਮੀਸ਼ਨ ਗਰੁੱਪ ਦੇ ਕਾਰੋਬਾਰ ਨੂੰ ਵੀ ਇਕ ਸਾਲ ਲਈ ਪੂਰੀ ਤਰ੍ਹਾਂ ਆਪਣੇ ਹੱਥ ਵਿਚ ਲੈਣ ਜਾ ਰਹੀ ਹੈ। ਇਸ ਨਾਲ ਮੁਲਜ਼ਮਾਂ ਦੇ ਪੈਸਾ ਵਿਦੇਸ਼ ਭੇਜਣ ਅਤੇ ਭੱਜਣ ਦੇ ਰਾਸਤੇ ਵੀ ਬੰਦ ਹੋ ਜਾਣਗੇ ਅਤੇ ਮੁਲਜ਼ਮ ਲਈ ਸਜ਼ਾ ਤੋਂ ਬੱਚਣਾ ਵੀ ਸੰਭਵ ਨਹੀਂ ਹੈ।
ਜਿੱਥੇ ਇਕ ਪਾਸੇ ਭਾਰਤ ਵਿਚ ਤਕਰੀਬਨ ਸਾਢੇ 11 ਹਜ਼ਾਰ ਕਰੋੜ ਰੁਪਏ ਦੇ ਘੁਟਾਲੇ ਨੂੰ ਅੰਜਾਮ ਦੇਣ ਤੋਂ ਬਾਅਦ ਨੀਰਵ ਮੋਦੀ ਅਤੇ ਮੇਹੁਲ ਚੋਕਸੀ ਵਰਗੇ ਲੋਕ ਫਰਾਰ ਹੋ ਜਾਂਦੇ ਹਨ ਤਾਂ ਉਥੇ ਹੀ ਚੀਨ ਵਿਚ ਭ੍ਰਿਸ਼ਟਾਚਾਰ ਦੇ ਮੁਲਜ਼ਮਾਂ ਲਈ ਬਚ ਕੇ ਭੱਜਣਾ ਸੌਖਾ ਨਹੀਂ ਹੁੰਦਾ ਹੈ। ਉਥੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਫਸਣ ਤੋਂ ਬਾਅਦ ਸਿੱਧਾ ਜੇਲ ਭੇਜ ਦਿੱਤਾ ਜਾਂਦਾ ਹੈ। ਚੀਨ ਦੀ ਸਰਕਾਰ ਦੀ ਚੌਕਸੀ ਅਤੇ ਸਖਤੀ ਦੇ ਚਲਦੇ ਮੁਲਜ਼ਮਾਂ ਲਈ ਭ੍ਰਿਸ਼ਟਾਚਾਰ ਮਾਮਲੇ ਵਿਚ ਸਜ਼ਾ ਤੋਂ ਵੀ ਬਚਣਾ ਸੰਭਵ ਨਹੀਂ ਹੈ। ਇਹ ਕਾਰਨ ਹੈ ਕਿ ਹਾਲ ਦੇ ਦਿਨਾਂ ਵਿਚ ਚੀਨ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਕਾਰਵਾਈ ਕਰਕੇ ਇਸ ਉੱਤੇ ਕਾਫੀ ਹੱਦ ਤਕ ਕਾਬੂ ਵੀ ਕੀਤਾ ਹੈ।
ਉਥੇ ਹੀ ਭਾਰਤ ਵਿਚ ਵਿਜੇ ਮਾਲਿਆ, ਲਲਿਤ ਮੋਦੀ ਅਤੇ ਫਿਰ ਨੀਰਵ ਮੋਦੀ ਵਰਗੇ ਭ੍ਰਿਸ਼ਟਾਚਾਰੀ ਘੁਟਾਲਾ ਕਰਦੇ ਹਨ ਅਤੇ ਵਿਦੇਸ਼ ਨਿਕਲ ਜਾਂਦੇ ਹਨ। ਦਿਲਚਸਪ ਗੱਲ ਇਹ ਹੈ ਕਿ ਭਾਰਤ ਵਿਚ ਭ੍ਰਿਸ਼ਟਾਚਾਰ ਨੂੰ ਲੈ ਕੇ ਸਰਕਾਰਾਂ ਵੀ ਬਦਲ ਗਈਆਂ ਪਰ ਇਥੇ ਕਾਰਵਾਈ ਦੇ ਨਾਂ ਉੱਤੇ ਸਿਰਫ ਦਿਖਾਵਾ ਹੁੰਦਾ ਹੈ। ਇਸ ਦੀ ਵਜ੍ਹਾ ਨਾਲ ਭ੍ਰਿਸ਼ਟਾਚਾਰੀਆਂ ਦੇ ਹੌਸਲੇ ਬੁਲੰਦ ਹਨ। ਸਾਲ 2012 ਵਿਚ ਚੀਨ ਦੀ ਸੱਤਾ ਸੰਭਾਲਣ ਤੋਂ ਬਾਅਦ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਭ੍ਰਿਸ਼ਟਾਚਾਰ ਦੇ ਖਿਲਾਫ ਜ਼ੀਰੋ ਟੋਲਰੈਂਸ ਦੀ ਨੀਤੀ ਅਪਨਾਈ। ਪਿਛਲੇ 6 ਸਾਲਾਂ ਵਿਚ ਉਨ੍ਹਾਂ ਦੀ ਸਰਕਾਰ ਨੇ ਭ੍ਰਿਸ਼ਟਾਚਾਰ ਵਿਚ ਸ਼ਾਮਲ ਰਹੇ ਕਈ ਅਧਿਕਾਰੀਆਂ ਅਤੇ ਨੇਤਾਵਾਂ ਨੂੰ ਜੇਲ ਭੇਜਿਆ। ਇਸ ਵਿਚੋਂ ਜ਼ਿਆਦਾਤਰ ਅਧਿਕਾਰੀ ਅੱਜ ਵੀ ਚੀਨ ਦੀ ਜੇਲ ਵਿਚ ਹਵਾ ਖਾ ਰਹੇ ਹਨ। ਇਸ ਤੋਂ ਪਹਿਲਾਂ ਚੀਨ ਵਿਚ ਭ੍ਰਿਸ਼ਟਾਚਾਰ ਕਾਫੀ ਜ਼ਿਆਦਾ ਸੀ, ਪਰ ਸ਼ੀ ਜਿਨਪਿੰਗ ਦੀ ਸਖਤੀ ਤੋਂ ਬਾਅਦ ਇਸ ਵਿਚ ਕਾਫੀ ਕਮੀ ਆਈ ਹੈ। ਭ੍ਰਿਸ਼ਟਾਚਾਰ ਇੰਡੈਕਸ ਵਿਚ ਵੀ ਚੀਨ ਦੀ ਰੈਂਕਿੰਗ ਵਿਚ ਸੁਧਾਰ ਹੋਇਆ ਹੈ।


Related News