ਚੀਨ ਦੌਰੇ ਦੌਰਾਨ ਸ਼ਿੰਜ਼ੋ ਆਬੇ ਨੇ ਕੀਤੇ 500 ਸਮਝੌਤਿਆਂ 'ਤੇ ਦਸਤਖਤ
Saturday, Oct 27, 2018 - 11:18 AM (IST)
ਬੀਜਿੰਗ (ਬਿਊਰੋ)— ਚੀਨ ਦੌਰੇ 'ਤੇ ਆਏ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਨੇ ਸ਼ੁੱਕਰਵਾਰ ਨੂੰ 260 ਕਰੋੜ ਡਾਲਰ (ਕਰੀਬ 19 ਹਜ਼ਾਰ ਕਰੋੜ ਰੁਪਏ) ਦੇ 500 ਵਪਾਰਕ ਸਮਝੌਤਿਆਂ 'ਤੇ ਦਸਤਖਤ ਕੀਤੇ। ਅਮਰੀਕਾ ਦੇ ਟਰੇਡ ਵਾਰ ਤੋਂ ਮਿਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਚੀਨ ਅਤੇ ਜਾਪਾਨ ਨੇ ਇਕ-ਦੂਜੇ ਦੇ ਪ੍ਰਤੀ ਨਰਮ ਰੱਵਈਆ ਦਿਖਾਇਆ ਹੈ। ਆਬੇ ਦੀ ਅਗਵਾਈ ਵਿਚ ਜਾਪਾਨ ਦੇ ਕਰੀਬ ਇਕ ਹਜ਼ਾਰ ਉਦਮੀ ਲੋਕਾਂ ਦਾ ਵਫਦ ਚੀਨ ਆਇਆ ਹੈ।
ਚੀਨ ਦੇ ਪ੍ਰਧਾਨ ਮੰਤਰੀ ਸ਼ੀ ਜਿਨਪਿੰਗ ਨਾਲ ਸੰਯੁਕਤ ਪ੍ਰੈੱਸ ਵਾਰਤਾ ਵਿਚ ਆਬੇ ਨੇ ਕਿਹਾ,''ਖੇਤਰ ਦੀ ਸ਼ਾਂਤੀ ਅਤੇ ਖੁਸ਼ਹਾਲੀ ਵਿਚ ਰਚਨਾਤਮਕ ਭੂਮਿਕਾ ਨਿਭਾਉਣ ਲਈ ਸਾਡੇ ਵਿਚਕਾਰ ਸਹਿਮਤੀ ਬਣੀ ਹੈ। ਮੈਨੂੰ ਵਿਸ਼ਵਾਸ ਹੈ ਕਿ ਕਿਰਿਆਸ਼ੀਲ ਵਪਾਰ ਚੀਨ ਅਤੇ ਜਾਪਾਨ ਦੇ ਸਬੰਧਾਂ ਨੂੰ ਮਜ਼ਬੂਤ ਕਰੇਗਾ।'' ਉੱਥੇ ਸ਼ੀ ਨੇ ਕਿਹਾ,''ਵਿਸ਼ਵ ਵਿਚ ਅਸਥਿਰਤਾ ਅਤੇ ਅਨਿਸ਼ਚਿਤਤਾ ਦਾ ਦੌਰ ਹੈ। ਅਜਿਹੀ ਸਥਿਤੀ ਵਿਚ ਦੇਸ਼ਾਂ ਦਾ ਆਰਥਿਕ ਸਹਿਯੋਗ ਗਲੋਬਲ ਮੁਕਤ ਵਪਾਰ ਦੇ ਵਿਕਾਸ ਲਈ ਲਾਭਕਾਰੀ ਹੋਵੇਗਾ।'' ਜ਼ਿਕਰਯੋਗ ਹੈ ਕਿ ਚੀਨ ਤੋਂ ਹੋਣ ਵਾਲੀ ਦਰਾਮਦ 'ਤੇ ਅਮਰੀਕਾ ਨੇ ਜਿੱਥੇ ਭਾਰੀ ਟੈਕਸ ਲਗਾ ਦਿੱਤਾ ਹੈ ਉੱਥੇ ਜਾਪਾਨ ਨਾਲ ਉਹ ਆਪਣਾ ਵਪਾਰ ਘਾਟਾ ਘੱਟ ਕਰਨ ਵਿਚ ਲੱਗਿਆ ਹੋਇਆ ਹੈ।
ਆਪਣੇ ਵਪਾਰਕ ਹਿੱਤ ਪੂਰੇ ਕਰਨ ਲਈ ਇਸ ਮੁੱਦੇ 'ਤੇ ਚੀਨ ਅਤੇ ਜਾਪਾਨ ਇਕ ਮੰਚ 'ਤੇ ਆ ਗਏ ਹਨ। ਆਬੇ ਨੇ ਸ਼ਿਨਜਿਆਂਗ ਵਿਚ ਉਇਗਰਾਂ ਮੁਸਲਿਮਾਂ 'ਤੇ ਕੀਤੇ ਜਾ ਰਹੇ ਅੱਤਿਆਚਾਰ ਦਾ ਮਾਮਲਾ ਵੀ ਚੁੱਕਿਆ। ਉਨ੍ਹਾਂ ਨੇ ਕਿਹਾ ਕਿ ਕੌਮਾਂਤਰੀ ਭਾਈਚਾਰੇ ਦੇ ਨਾਲ ਜਾਪਾਨ ਵੀ ਚੀਨ ਵਿਚ ਮਨੁੱਖੀ ਅਧਿਕਾਰ ਹਾਲਾਤ 'ਤੇ ਨਜ਼ਰ ਬਣਾਏ ਹੋਏ ਹੈ। ਜਾਪਾਨ ਨੇ ਚੀਨ ਦੇ ਅਭਿਲਾਸ਼ੀ ਪ੍ਰਾਜੈਕਟ ਬੈਲਟ ਐਂਡ ਰੋਡ ਇਨੀਸ਼ੀਏਟਿਵ (ਬੀ.ਆਰ.ਆਈ.) ਵਿਚ ਕਿਰਿਆਸ਼ੀਲ ਹਿੱਸੇਦਾਰੀ ਦੀ ਪੇਸ਼ਕਸ਼ ਕੀਤੀ ਹੈ। ਕਰੋੜਾਂ ਅਰਬ ਡਾਲਰਾਂ ਦੇ ਬੀ.ਆਰ.ਆਈ. ਪ੍ਰਾਜੈਕਟ ਨੂੰ ਲੈ ਕੇ ਵਿਸ਼ਵ ਪੱਧਰ 'ਤੇ ਚਿੰਤਾ ਵੱਧ ਗਈ ਹੈ। ਛੋਟੇ ਦੇਸ਼ਾਂ ਵੱਲੋਂ ਚੀਨ ਦੇ ਭਾਰੀ ਕਰਜ਼ ਵਿਚ ਫਸਣ ਦੀ ਚਿੰਤਾ ਜ਼ਾਹਰ ਕੀਤੀ ਗਈ ਹੈ।
