ਅਮਰੀਕਾ ਦੇ ਤਾਈਵਾਨ ਖਾੜੀ ’ਚ ਦਾਖਲੇ ’ਤੇ ਭੜਕਿਆ ਚੀਨ, ਕਿਹਾ-ਦਾਦਾਗਿਰੀ ਕਰ ਰਿਹਾ ਅਮਰੀਕਾ
Wednesday, May 19, 2021 - 06:36 PM (IST)

ਇੰਟਰਨੈਸ਼ਨਲ ਡੈਸਕ : ਚੀਨ ਨੇ ਤਾਈਵਾਨ ਦੀ ਖਾੜੀ ’ਚ ਅਮਰੀਕੀ ਨੇਵੀ ਦੇ ਗੁਜ਼ਰਨ ’ਤੇ ਤਿੱਖਾ ਵਿਰੋਧ ਕੀਤਾ ਹੈ। ਚੀਨ ਨੇ ਇਸ ਨੂੰ ਅਮਰੀਕਾ ਦੀ ਦਾਦਾਗਿਰੀ ਗਰਦਾਨਦਿਆਂ ਇਸ ’ਤੇ ਸਖਤ ਇਤਰਾਜ਼ ਜਤਾਇਆ ਹੈ ਤੇ ਕਿਹਾ ਹੈ ਕਿ ਇਸ ਨਾਲ ਇਲਾਕੇ ’ਚ ਅਸ਼ਾਂਤੀ ਤੇ ਅਸਥਿਰਤਾ ਵਧੇਗੀ। ਦੱਸ ਦੇਈਏ ਕਿ ਚੀਨ ਸ਼ੁਰੂ ਤੋਂ ਹੀ ਤਾਈਵਾਨ ਨੂੰ ਆਪਣਾ ਹਿੱਸਾ ਦੱਸਦਾ ਆ ਰਿਹਾ ਹੈ, ਜਦਕਿ ਤਾਈਵਾਨ ਆਪਣੇ ਆਪ ਨੂੰ ਇਕ ਵੱਖਰਾ ਦੇਸ਼ ਮੰਨਦਾ ਹੈ ਤੇ ਦੁਨੀਆ ਦੇ ਦੇਸ਼ਾਂ ਦਾ ਰੁਖ਼ ਵੀ ਵੱਖ-ਵੱਖ ਰਿਹਾ ਹੈ।
ਸਾਊਥ ਚਾਈਨਾ-ਸੀ ਦੇ ਨਾਲ ਲੱਗੀ ਤਾਈਵਾਨ ਦੀ ਖਾੜੀ ਦੇ 110 ਮੀਲ ਹਿੱਸੇ ਨੂੰ ਅੰਤਰਰਾਸ਼ਟਰੀ ਜਲਸੀਮਾ ਦਾ ਖੇਤਰ ਮੰਨਿਆ ਜਾਂਦਾ ਹੈ ਪਰ ਚੀਨ ਇਸ ’ਤੇ ਆਪਣਾ ਦਾਅਵਾ ਜਤਾਉਂਦਾ ਹੈ। ਚੀਨ ਦੇ ਇਸ ਦਾਅਵੇ ਨੂੰ ਅਮਰੀਕਾ ਲਗਾਤਾਰ ਚੁਣੌਤੀ ਦਿੰਦਾ ਰਿਹਾ ਹੈ। ਇਸੇ ਲੜੀ ਤਹਿਤ ਉਹ ਵਾਰ-ਵਾਰ ਆਪਣੀ ਨੇਵੀ ਦੀ ਸੱਤਵੀਂ ਫਲੀਟ ’ਚ ਸ਼ਾਮਲ ਲੜਾਕੂ ਜਹਾਜ਼ਾਂ ਨੂੰ ਖਾੜੀ ’ਚੋਂ ਗੁਜ਼ਾਰਦਾ ਹੈ।
ਯੂ. ਐੱਸ. ਐੱਸ. ਰਸੇਲ ਨੇ ਮਾਰਿਆ ਤਾਈਵਾਨ ਦੀ ਖਾੜੀ ਦਾ ਚੱਕਰ
ਤਾਈਵਾਨ ਦੇ ਰੱਖਿਆ ਮੰਤਰਾਲੇ ਅਨੁਸਾਰ ਅਮਰੀਕੀ ਲੜਾਕੂ ਜਹਾਜ਼ ਤਾਈਵਾਨ ਸਾਊਥ ਚਾਈਨਾ-ਸੀ ’ਚ ਨਿਯਮਿਤ ਗਸ਼ਤ ਲਈ ਆਇਆ ਸੀ। ਮੰਤਰਾਲੇ ਅਨੁਸਾਰ ਤਾਈਵਾਨ ਦੇ ਹਥਿਆਰਬੰਦ ਬਲਾਂ ਨੇ ਜਹਾਜ਼ ਨੂੰ ਪੂਰੀ ਸੁਰੱਖਿਆ ਪ੍ਰਦਾਨ ਕੀਤੀ। ਇਸ ਜਹਾਜ਼ ਦਾ ਨਾਂ Arleigh Burke-Class Destroyer ਯੂ. ਐੱਸ. ਐੱਸ. ਰਸੇਲ ਹੈ। ਇਹ ਅਕਸਰ ਤਾਈਵਾਨ ਨਾਲ ਮਿਲ ਕੇ ਗਸ਼ਤ ਲਾਉਂਦਾ ਹੈ।
ਇਸ ਕਾਰਨ ਵਧ ਰਿਹਾ ਚੀਨ-ਤਾਈਵਾਨ ਵਿਚਾਲੇ ਤਣਾਅ
ਚੀਨ ਤਾਈਵਾਨ ਨੂੰ ਆਪਣਾ ਹੀ ਹਿੱਸਾ ਮੰਨਦਾ ਹੈ। ਚੀਨ ਇਸ ਨੂੰ ਕਾਬੂ ’ਚ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਅਪਣਾਉਂਦਾ ਆ ਰਿਹਾ ਹੈ। ਇਥੋਂ ਦੀ ਸਰਕਾਰ ਫੌਜ ਦੀ ਵਰਤੋਂ ’ਤੇ ਵੀ ਜ਼ੋਰ ਦਿੰਦੀ ਆਈ ਹੈ। ਤਾਈਵਾਨ ਕੋਲ ਖੁਦ ਦੀ ਫੌਜ ਵੀ ਹੈ। ਇਸ ਨੂੰ ਅਮਰੀਕਾ ਦਾ ਸਮਰਥਨ ਵੀ ਹਾਸਲ ਹੈ। ਤਾਈਵਾਨ ’ਚ ਜਦੋਂ ਤੋਂ ਡੈਮੋਕ੍ਰੇਟਿਕ ਪ੍ਰੋਗਰੈਸਿਵ ਪਾਰਟੀ ਸੱਤਾ ’ਚ ਆਈ ਹੈ, ਉਦੋਂ ਤੋਂ ਚੀਨ ਨਾਲ ਰਿਸ਼ਤੇ ਵਿਗੜੇ ਹਨ। ਇਹੀ ਨਹੀਂ, ਤਾਈਵਾਨ ਲਗਾਤਾਰ ਅਮਰੀਕਾ ਤੋਂ ਹਥਿਆਰ ਵੀ ਖਰੀਦ ਰਿਹਾ ਹੈ। ਉਥੇ ਹੀ, ਹਾਲ ਹੀ ਦਿਨਾਂ ’ਚ ਕਈ ਵਾਰ ਚੀਨੀ ਏਅਰਫੋਰਸ ਨੇ ਤਾਈਵਾਨ ਦੇ ਇਲਾਕੇ ’ਚ ਵੀ ਘੁਸਪੈਠ ਵੀ ਕੀਤੀ ਹੈ।