ਚੀਨ ''ਚ 4 ਪਾਕਿ ਵਿਦਿਆਰਥੀਆਂ ਨੂੰ ਹੋਇਆ ਕੋਰੋਨਾਵਾਇਰਸ, ਅਧਿਕਾਰੀ ਨੇ ਕੀਤੀ ਪੁਸ਼ਟੀ

01/29/2020 1:46:57 PM

ਇਸਲਾਮਾਬਾਦ- ਚੀਨੀ ਸ਼ਹਿਰ ਵੁਹਾਨ ਵਿਚ ਪੜ੍ਹ ਰਹੇ ਚਾਰ ਪਾਕਿਸਤਾਨੀ ਵਿਦਿਆਰਥੀਆਂ ਦੇ ਨੋਵਲ ਕੋਰੋਨਾਵਾਇਰਸ ਦੀ ਲਪੇਟ ਵਿਚ ਆਉਣ ਦੀ ਪੁਸ਼ਟੀ ਹੋਈ ਹੈ। ਇਸ ਦੀ ਜਾਣਕਾਰੀ ਇਕ ਸਰਕਾਰੀ ਅਧਿਕਾਰੀ ਨੇ ਬੁੱਧਵਾਰ ਨੂੰ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨੀ ਵਿਦਿਆਰਥੀਆਂ ਦੇ ਨਮੂਨੇ ਲਏ ਗਏ ਸਨ, ਜੋ ਕਿ ਪੋਜ਼ੀਟਿਵ ਨਿਕਲੇ।

ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿਹਤ ਬਾਰੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਜ਼ਫਰ ਮਿਰਜ਼ਾ ਨੇ ਕਿਹਾ ਕਿ ਚੀਨ ਵਿਚ ਰਹਿੰਦੇ ਪਾਕਿਸਤਾਨੀਆਂ ਦੀ ਵੱਡੀ ਗਿਣਤੀ ਵਿਦਿਆਰਥੀਆਂ ਦੀ ਹੈ, ਜਿਹਨਾਂ ਵਿਚੋਂ 500 ਤੋਂ ਵਧੇਰੇ ਵੁਹਾਨ ਵਿਚ ਰਹਿੰਦੇ ਹਨ, ਜਿਥੇ ਇਸ ਵਾਇਰਸ ਦਾ ਕੇਂਦਰ ਹੈ। ਹਾਲਾਂਕਿ ਮਿਰਜ਼ਾ ਨੇ ਕਿਹਾ ਕਿ ਪਾਕਿਸਤਾਨ ਵਿਚ ਹਾਲੇ ਤੱਕ ਕੋਰੋਨਾਵਾਇਰਸ ਦੇ ਕਿਸੇ ਮਾਮਲੇ ਦੀ ਪੁਸ਼ਟੀ ਨਹੀਂ ਹੋਈ ਹੈ। ਉਹਨਾਂ ਕਿਹਾ ਕਿ ਚਾਰ ਵਿਅਕਤੀਆਂ ਨੂੰ ਵਾਇਰਸ ਹੋਣ ਦਾ ਸ਼ੱਕ ਸੀ, ਜਿਹਨਾਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਸੀ। ਉਹਨਾਂ ਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ ਤੇ ਅਸੀਂ ਪੂਰੇ ਭਰੋਸੇ ਨਾਲ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਕੋਰੋਨਾਵਾਇਰਸ ਨਹੀਂ ਹੈ। ਨਵੇਂ ਵਾਇਰਸ ਕਾਰਨ ਹੁਣ ਤੱਕ ਚੀਨ ਵਿਚ 132 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 5,974 ਲੋਕ ਇਸ ਨਾਲ ਪੀੜਤ ਹਨ। ਦੱਖਣੀ ਏਸ਼ੀਆ ਦੇ ਸ਼੍ਰੀਲੰਕਾ ਤੇ ਨੇਪਾਲ ਨੇ ਵੀ ਆਪਣੇ ਇਥੇ ਇਕ-ਇਕ ਮਾਮਲੇ ਦੀ ਪੁਸ਼ਟੀ ਕੀਤੀ ਹੈ।


Baljit Singh

Content Editor

Related News