ਚੀਨ ਨੇ ਰੱਖਿਆ ਬਜਟ ਨੂੰ 179 ਅਰਬ ਡਾਲਰ ਤੱਕ ਵਧਾਇਆ

05/22/2020 4:03:51 PM

ਬੀਜਿੰਗ (ਭਾਸ਼ਾ) : ਚੀਨ ਨੇ ਆਪਣੇ ਰੱਖਿਆ ਬਜਟ ਨੂੰ ਪਿਛਲੇ ਸਾਲ ਦੇ ਮੁਕਾਬਲੇ 177.6 ਅਰਬ ਡਾਲਰ ਤੋਂ ਵਧਾ ਕੇ 179 ਅਰਬ ਡਾਲਰ ਕਰ ਦਿੱਤਾ ਹੈ। ਇਹ ਭਾਰਤ ਦੇ ਰੱਖਿਆ ਬਜਟ ਦਾ ਕਰੀਬ ਤਿੰਨ ਗੁਣਾ ਹੈ ਅਤੇ ਅਮਰੀਕਾ ਦੇ ਬਾਅਦ ਦੁਨੀਆ ਵਿਚ ਸਭ ਤੋਂ ਜ਼ਿਆਦਾ। ਹਾਲਾਂਕਿ ਕੋਰੋਨਾ ਵਾਇਰਸ ਕਾਰਨ ਅਰਥ ਵਿਵਸਥਾ ਵਿਚ ਆਈ ਰੁਕਾਵਟ ਕਾਰਨ ਹਾਲ ਦੇ ਸਾਲਾਂ ਵਿਚ ਕੀਤਾ ਗਿਆ ਇਹ ਸਭ ਤੋਂ ਘੱਟ ਵਾਧਾ ਹੈ। ਦੇਸ਼ ਦੀ ਵਿਧਾਨਸਭਾ ਨੈਸ਼ਨਲ ਪੀਪੁਲਸ ਕਾਂਗਰਸ (ਐਨ.ਪੀ.ਸੀ.) ਵਿਚ ਸ਼ੁੱਕਰਵਾਰ ਨੂੰ ਪੇਸ਼ ਕੀਤੇ ਗਏ ਇਕ ਬਜਟ ਦੀ ਰਿਪੋਰਟ ਅਨੁਸਾਰ 2020 ਵਿਚ ਚੀਨ ਦੇ ਰੱਖਿਆ ਬਜਟ ਦੀ ਵਾਧਾ ਦਰ 6.6 ਫ਼ੀਸਦੀ ਰਹੇਗੀ। ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਸ਼ਿੰਹੁਆ ਨਿਊਜ਼ ਨੇ ਦੱਸਿਆ ਕਿ ਇਸ ਤਰ੍ਹਾਂ ਲਗਾਤਾਰ ਪੰਜਵੇਂ ਸਾਲ ਚੀਨ ਦੇ ਰੱਖਿਆ ਬਜਟ ਵਿਚ 10 ਫ਼ੀਸਦੀ ਤੋਂ ਘੱਟ ਵਾਧਾ ਹੋਵੇਗਾ। ਐਨ.ਪੀ.ਸੀ. ਨੂੰ ਸੌਂਪੇ ਗਏ ਰੱਖਿਆ ਬਜਟ ਅਨੁਸਾਰ ਇਸ ਸਾਲ ਚੀਨ ਦਾ ਰੱਖਿਆ ਬਜਟ 1,270 ਅਰਬ ਯੁਆਨ (ਕਰੀਬ 179 ਅਰਬ ਡਾਲਰ) ਦਾ ਹੋਵੇਗਾ।

ਰਿਪੋਰਟ ਮੁਤਾਬਕ 2019 ਵਿਚ ਚੀਨ ਦਾ ਕੁੱਲ ਰੱਖਿਆ ਖ਼ਰਚ ਅਮਰੀਕਾ ਦੇ ਮੁਕਾਬਲੇ ਇਕ ਚੌਥਾਈ ਸੀ, ਜਦੋਂ ਕਿ ਪ੍ਰਤੀ ਵਿਅਕਤੀ ਰੱਖਿਆ ਖ਼ਰਚ ਅਮਰੀਕਾ ਦੇ 17ਵੇਂ ਹਿੱਸੇ ਦੇ ਬਰਾਬਰ ਸੀ। ਐਨ.ਪੀ.ਸੀ ਦੇ ਬੁਲਾਰੇ ਝਾਂਗ ਯੁਸੁਈ ਨੇ ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਚੀਨ ਦੇ ਰੱਖਿਆ ਬਜਟ ਵਿਚ ਪਾਰਦਰਸ਼ਤਾ ਦੀ ਘਾਟ ਹੋਣ ਦੀ ਗੱਲ ਤੋਂ ਇਨਕਾਰ ਕੀਤਾ। ਰੱਖਿਆ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਬੀਜਿੰਗ ਦੇ ਫੌਜੀ ਅਤੇ ਆਧੁਨਿਕ ਹਥਿਆਰਾਂ ਦਾ ਵਿਸਥਾਰ ਉਸ ਦੇ ਐਲਾਨ ਦੇ ਮੁਕਾਬਲੇ ਬਹੁਤ ਜਿਆਦਾ ਹੈ। ਝਾਂਗ ਨੇ ਕਿਹਾ ਕਿ ਚੀਨ 2007 ਤੋਂ ਹਰ ਸਾਲ ਸੰਯੁਕਤ ਰਾਸ਼ਟਰ ਨੂੰ ਆਪਣੇ ਫੌਜੀ ਖਰਚਿਆਂ ਦੀ ਰਿਪੋਰਟ ਦਿੰਦਾ ਰਿਹਾ ਹੈ। ਉਨ੍ਹਾਂ ਕਿਹਾ ,''ਪੈਸੇ ਕਿੱਥੋ ਆਉਂਦੇ ਹਨ, ਉਨ੍ਹਾਂ ਨੂੰ ਕਿੱਥੇ ਖਰਚ ਕੀਤਾ ਜਾਂਦਾ ਹੈ, ਸਾਰੇ ਗੱਲਾਂ ਦਾ ਲੇਖਾ-ਜੋਖਾ ਹੈ।''

ਸਟਾਕਹੋਮ ਇੰਟਰਨੇਸ਼ਨਲ ਪੀਸ ਰਿਸਰਚ ਇੰਸਟੀਚਿਊਟ (ਐਸ.ਆਈ.ਪੀ.ਆਰ.ਆਈ.) ਅਨੁਸਾਰ 2019 ਵਿਚ ਚੀਨ ਦਾ ਰੱਖਿਆ ਖਰਚ 232 ਅਰਬ ਅਮਰੀਕੀ ਡਾਲਰ ਸੀ। ਚੀਨ ਦੇ ਭਾਰੀ ਰੱਖਿਆ ਖ਼ਰਚ ਦੇ ਚਲਦੇ ਭਾਰਤ ਅਤੇ ਕਈ ਹੋਰ ਦੇਸ਼ਾਂ ਨੂੰ ਆਪਣਾ ਰੱਖਿਆ ਖ਼ਰਚ ਵਧਾਉਣ 'ਤੇ ਮਜਬੂਰ ਹੋਣਾ ਪਿਆ ਹੈ, ਤਾਂਕਿ ਸ਼ਕਤੀ ਸੰਤੁਲਨ ਕਾਇਮ ਰੱਖਿਆ ਜਾ ਸਕੇ। ਇੰਡੀਅਨ ਇੰਸਟੀਚਿਊਟ ਫਾਰ ਡਿਫੈਂਸ ਐਂਡ ਐਨਾਲਿਸਿਸ (ਆਈ.ਡੀ.ਐਸ.ਏ.) ਅਨੁਸਾਰ ਭਾਰਤ ਦਾ ਰੱਖਿਆ ਬਜਟ 2020 ਵਿਚ 66.9 ਅਰਬ ਅਮਰੀਕੀ ਡਾਲਰ ਸੀ। ਇਸ ਤਰ੍ਹਾਂ ਚੀਨ ਦਾ ਤਾਜ਼ਾ ਰੱਖਿਆ ਬਜਟ ਭਾਰਤ ਦੇ ਮੁਕਾਬਲੇ 2.7 ਗੁਣਾ ਜ਼ਿਆਦਾ ਹੈ। ਝਾਂਗ ਨੇ ਕਿਹਾ ਕਿ ਚੀਨ ਦਾ ਰੱਖਿਆ ਬਜਟ ਉਸ ਦੀ ਜੀ.ਡੀ.ਪੀ. ਦੇ ਮੁਕਾਬਲੇ ਕਰੀਬ 1.3 ਫ਼ੀਸਦੀ ਹੈ।


cherry

Content Editor

Related News