ਚੀਨ ਨੂੰ ਇਕ ਖ਼ਤਰੇ ਦੇ ਰੂਪ ''ਚ ਦੇਖਦੇ ਹਨ ਟਰੰਪ : ਨਿੱਕੀ ਹੈਲੀ

Thursday, Jul 23, 2020 - 05:15 PM (IST)

ਵਾਸ਼ਿੰਗਟਨ (ਭਾਸ਼ਾ) : ਰਿਪਬਲੀਕਨ ਨੇਤਾ ਅਤੇ ਭਾਰਤੀ ਅਮਰੀਕੀ ਨਿੱਕੀ ਹੈਲੀ ਨੇ ਕਿਹਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਚੀਨ ਨੂੰ ਇਕ ਖ਼ਤਰੇ ਦੇ ਰੂਪ 'ਚ ਦੇਖਦੇ ਹਨ ਅਤੇ ਉਹ ਨਵੰਬਰ 'ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ 'ਚ ਟਰੰਪ ਨੂੰ ਦੁਬਾਰਾ ਜਿਤਾਉਣ ਲਈ 'ਸਖ਼ਤ ਮਿਹਨਤ' ਕਰੇਗੀ।

ਅਮਰੀਕਾ ਭਾਰਤ ਵਪਾਰ ਪ੍ਰੀਸ਼ਦ (ਯੂ. ਐੱਸ. ਆਈ. ਬੀ. ਸੀ.) ਵਲੋਂ ਆਯੋਜਿਤ ਸਾਲਾਨਾ 'ਭਾਰਤ ਵਿਚਾਰ ਸ਼ਿਖ਼ਰ ਸੰਮੇਲਨ' ਨੂੰ ਡਿਜੀਟਲ ਮਾਧਿਅਮ ਨਾਲ ਸੰਬਧੋਨ ਕਰਦੇ ਹੋਏ ਹੈਲੀ ਨੇ ਬੁੱਧਵਾਰ ਨੂੰ ਕਿਹਾ ਕਿ ਚੀਨ ਵਲੋਂ ਅਮਰੀਕਾ ਲਈ ਪੇਸ਼ ਕੀਤਾ ਜਾ ਰਿਹਾ ਖ਼ਤਰਾ ਨਵੰਬਰ ਦੀਆਂ ਰਾਸ਼ਟਰਪਤੀ ਚੋਣਾ ਦਾ ਇਕ ਮੁੱਖ ਮੁੱਦਾ ਹੋਵੇਗਾ। ਹੈਲੀ ਨੇ 2 ਦਿਨਾਂ ਪ੍ਰੋਗਰਾਮ ਦੇ ਆਖਰੀ ਸੈਸ਼ਨ 'ਚ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਮੈਨੂੰ ਲੱਗਦਾ ਹੈ ਕਿ (ਚੀਨ ਤੋਂ ਸੁਰੱਖਿਆ ਖ਼ਤਰਾ) ਇਕ ਮੁੱਦਾ (ਚੋਣਾਂ 'ਚ) ਹੋਵੇਗਾ। ਮੈਨੂੰ ਲਗਦਾ ਹੈ ਕਿ ਤੁਹਾਡੇ ਕੋਲ ਰਾਸ਼ਟਰਪਤੀ ਟਰੰਪ ਹਨ ਜੋ ਚੀਨ ਨੂੰ ਇਕ ਖ਼ਤਰੇ ਦੇ ਰੂਪ 'ਚ ਦੇਖਦੇ ਹਨ।

ਉਨ੍ਹਾਂ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਤੁਹਾਡੇ ਕੋਲ ਜੋ ਬਾਈਡੇਨ (ਡੈਮੋਕ੍ਰੇਟ ਦੇ ਸੰਭਾਵਿਤ ਉਮੀਦਵਾਰ) ਵੀ ਹਨ, ਜਿਨ੍ਹਾਂ ਦਾ ਕਹਿਣਾ ਹੈ ਕਿ ਚੀਨ ਕੋਈ ਸਮੱਸਿਆ ਨਹੀਂ ਹੈ ਅਤੇ ਜੋ ਚੀਨ 'ਤੇ ਯਾਤਰਾ ਪਾਬੰਦੀ ਖ਼ਿਲਾਫ਼ ਸਨ ਅਤੇ ਜਦੋਂ ਉਹ ਓਬਾਮਾ ਪ੍ਰਸ਼ਾਸਨ ਦਾ ਹਿੱਸਾ ਸਨ, ਉਦੋਂ ਵੀ ਉਨ੍ਹਾਂ ਨੂੰ ਚੀਨ ਕੋਈ ਖ਼ਤਰਾ ਨਹੀਂ ਲੱਗ ਰਿਹਾ ਸੀ। ਇਸ ਲਈ ਮੈਨੂੰ ਲੱਗਦਾ ਹੈ ਕਿ ਅਗਲੀਆਂ ਚੋਣਾਂ ਵਿਚ ਇਹ ਇਕ ਮਹੱਤਵਪੂਰਨ ਮੁੱਦਾ ਹੋਣ ਵਾਲਾ ਹੈ।' ਹੈਲੀ ਨੇ 2024 ਵਿਚ ਉਨ੍ਹਾਂ ਦੇ ਰਾਸ਼ਟਰਪਤੀ ਚੋਣਾਂ ਲੜਨ ਦੇ ਸਵਾਲ 'ਤੇ ਕਿਹਾ ਕਿ ਹੁਣ ਤੋਂ ਉਸ ਦੇ ਬਾਰੇ ਵਿਚ ਸੋਚਣਾ ਸਹੀ ਨਹੀਂ। ਇਸ ਸ਼ਿਖ਼ਰ ਸੰਮੇਲਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਐਸ.ਜੈਸ਼ੰਕਰ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਵੀ ਸੰਬੋਧਿਤ ਕੀਤਾ ਸੀ।


cherry

Content Editor

Related News