ਬੱਚਿਆਂ ਵੱਲੋਂ ਰੇਲ ਯਾਤਰੀਆਂ ਦਾ ਸਵਾਗਤ ਕਰਨ ਦੀ ਪ੍ਰਥਾ ਠੱਪ ਹੋਣ ਦਾ ਖਦਸ਼ਾ
Thursday, Apr 30, 2026 - 06:51 PM (IST)
ਵੈਨਕੂਵਰ, (ਮਲਕੀਤ ਸਿੰਘ)– ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਪੈਂਬਰਟਨ ਖੇਤਰ ਵਿੱਚ ਬੱਚਿਆਂ ਵੱਲੋਂ ਰੇਲਗੱਡੀਆਂ ਵਿੱਚ ਆਉਣ ਵਾਲੇ ਯਾਤਰੀਆਂ ਦਾ ਹੱਥ ਹਿਲਾ ਕੇ ਸਵਾਗਤ ਕਰਨ ਦੀ ਲੰਬੇ ਸਮੇਂ ਤੋਂ ਚੱਲ ਰਹੀ ਪਿਆਰੀ ਰਵਾਇਤ ਹੁਣ ਖਤਮ ਹੋਣ ਦਾ ਖਦਸ਼ਾ ਹੈ। ਇਹ ਰਵਾਇਤ ਸਾਲਾਂ ਤੋਂ ਸਥਾਨਕ ਭਾਈਚਾਰੇ ਦੀ ਪਛਾਣ ਬਣੀ ਹੋਈ ਹੈ, ਜਿਸਨੂੰ ਦੇਖ ਕੇ ਯਾਤਰੀ ਵੀ ਖੁਸ਼ੀ ਮਹਿਸੂਸ ਕਰਦੇ ਹਨ।
ਜ਼ਿਕਰਯੋਗ ਹੈ ਕਿ ਪੈਂਬਰਟਨ ਦੇ ਬੱਚਿਆਂ ਦਾ ਇੱਕ ਸਮੂਹ ਹਰ ਰੋਜ਼ ਟ੍ਰੇਨ ਆਉਣ ਸਮੇਂ ਪਲੇਟਫਾਰਮ ਜਾਂ ਪਟੜੀਆਂ ਤੋਂ ਕੁਝ ਦੂਰੀ 'ਤੇ ਖੜ੍ਹੇ ਹੋ ਕੇ ਯਾਤਰੀਆਂ ਨੂੰ ਹੱਥ ਹਿਲਾ ਕੇ ਸਤਿਕਾਰ ਦਿੰਦਾ ਹੈ। ਇਸ ਦੌਰਾਨ ਬੱਚਿਆਂ ਅਤੇ ਯਾਤਰੀਆਂ ਵਿਚਕਾਰ ਬਣਦਾ ਇਹ ਸਨੇਹੀ ਸਬੰਧ ਇਲਾਕੇ ਨੂੰ ਵਿਲੱਖਣ ਬਣਾਉਂਦਾ ਆ ਰਿਹਾ ਹੈ।
ਹਾਲਾਂਕਿ, ਸੁਰੱਖਿਆ ਅਤੇ ਰੇਲਵੇ ਨਿਯਮਾਂ ਵਿੱਚ ਆ ਰਹੀਆਂ ਤਬਦੀਲੀਆਂ ਕਾਰਨ ਇਸ ਰਿਵਾਇਤ ਦੇ ਜਾਰੀ ਰਹਿਣ ‘ਤੇ ਸਵਾਲ ਖੜ੍ਹੇ ਹੋ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪਟੜੀਆਂ ਦੇ ਨੇੜੇ ਇਕੱਠੇ ਹੋਣਾ ਖਤਰਨਾਕ ਹੋ ਸਕਦਾ ਹੈ, ਜਿਸਨੂੰ ਧਿਆਨ ਵਿੱਚ ਰੱਖਦੇ ਹੋਏ ਨਿਯਮ ਸਖਤ ਕੀਤੇ ਜਾ ਰਹੇ ਹਨ।
ਸਥਾਨਕ ਵਸਨੀਕਾਂ ਦਾ ਮੰਨਣਾ ਹੈ ਕਿ ਇਹ ਰਵਾਇਤ ਸਿਰਫ਼ ਇਕ ਸਵਾਗਤੀ ਇਸ਼ਾਰਾ ਨਹੀਂ, ਸਗੋਂ ਭਾਈਚਾਰੇ ਦੀ ਏਕਤਾ ਅਤੇ ਪਿਆਰ ਦੀ ਨਿਸ਼ਾਨੀ ਹੈ। ਉਹ ਚਾਹੁੰਦੇ ਹਨ ਕਿ ਸੁਰੱਖਿਆ ਦੇ ਨਾਲ-ਨਾਲ ਇਸ ਪ੍ਰਥਾ ਨੂੰ ਜਾਰੀ ਰੱਖਣ ਲਈ ਕੋਈ ਮੱਧਮ ਰਾਹ ਕੱਢਿਆ ਜਾਵੇ।
ਇਸ ਮਾਮਲੇ ਨੇ ਪੈਂਬਰਟਨ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਚਰਚਾ ਨੂੰ ਜਨਮ ਦੇ ਦਿੱਤਾ ਹੈ, ਜਿੱਥੇ ਲੋਕ ਆਪਣੇ ਬੱਚਿਆਂ ਦੀਆਂ ਯਾਦਾਂ ਨਾਲ ਜੁੜੀ ਇਸ ਰਿਵਾਇਤ ਨੂੰ ਬਚਾਉਣ ਲਈ ਆਵਾਜ਼ ਉਠਾ ਰਹੇ ਹਨ।
