ਕੈਨੇਡਾ 'ਚ ਪੜ੍ਹਦੇ ਭਾਰਤੀ ਨੌਜਵਾਨ ਨੂੰ ਅਮਰੀਕਾ 'ਚ 4 ਸਾਲ ਦੀ ਜੇਲ੍ਹ, ਕੀਤੀ 31 ਕਰੋੜ ਰੁਪਏ ਦੀ ਠੱਗੀ

Saturday, Aug 01, 2026 - 09:24 PM (IST)

ਕੈਨੇਡਾ 'ਚ ਪੜ੍ਹਦੇ ਭਾਰਤੀ ਨੌਜਵਾਨ ਨੂੰ ਅਮਰੀਕਾ 'ਚ 4 ਸਾਲ ਦੀ ਜੇਲ੍ਹ, ਕੀਤੀ 31 ਕਰੋੜ ਰੁਪਏ ਦੀ ਠੱਗੀ

ਵਾਸ਼ਿੰਗਟਨ : ਅਮਰੀਕਾ ਦੀ ਇੱਕ ਸੰਘੀ ਅਦਾਲਤ ਨੇ ਕੈਨੇਡਾ ਵਿੱਚ ਸਟੂਡੈਂਟ ਵੀਜ਼ੇ 'ਤੇ ਰਹਿ ਰਹੇ ਇੱਕ 22 ਸਾਲਾ ਭਾਰਤੀ ਨੌਜਵਾਨ ਨੂੰ ਬਜ਼ੁਰਗਾਂ ਨਾਲ ਮਿਲੀਅਨ ਡਾਲਰਾਂ ਦੀ ਠੱਗੀ ਮਾਰਨ ਦੇ ਮਾਮਲੇ ਵਿੱਚ 48 ਮਹੀਨੇ (4 ਸਾਲ) ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਮਰੀਕੀ ਅਧਿਕਾਰੀਆਂ ਅਨੁਸਾਰ, ਇਹ ਨੌਜਵਾਨ ਇੱਕ ਅਜਿਹੇ ਅੰਤਰਰਾਸ਼ਟਰੀ ਗਿਰੋਹ ਦਾ ਹਿੱਸਾ ਸੀ ਜੋ ਬਜ਼ੁਰਗਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਸੀ।

ਨੌਜਵਾਨ ਦੀ ਪਛਾਣ ਰੋਸ਼ਨ ਸ਼ਾਹ ਵਜੋਂ ਹੋਈ ਹੈ, ਜੋ ਭਾਰਤ ਦਾ ਨਾਗਰਿਕ ਹੈ ਅਤੇ ਕੈਨੇਡਾ ਦੇ ਇੱਕ ਕਾਲਜ ਵਿੱਚ ਪੜ੍ਹਾਈ ਕਰ ਰਿਹਾ ਸੀ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸ਼ਾਹ ਕੈਨੇਡਾ ਤੋਂ ਵਿਜ਼ਿਟਰ ਵੀਜ਼ੇ 'ਤੇ ਅਮਰੀਕਾ ਵਿੱਚ ਸਿਰਫ਼ ਠੱਗੀ ਦੀ ਰਕਮ ਇਕੱਠੀ ਕਰਨ ਲਈ ਦਾਖਲ ਹੁੰਦਾ ਸੀ। 

ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਭਾਰਤ ਵਿੱਚ ਬੈਠੇ ਉਸਦੇ ਸਾਥੀ ਅਮਰੀਕੀ ਬਜ਼ੁਰਗਾਂ ਨੂੰ ਫ਼ੋਨ ਕਰਕੇ ਡਰਾਉਂਦੇ ਸਨ ਕਿ ਉਨ੍ਹਾਂ ਦੀ ਪਛਾਣ ਦੀ ਵਰਤੋਂ ਅਪਰਾਧਾਂ ਲਈ ਕੀਤੀ ਗਈ ਹੈ। ਪੀੜਤਾਂ ਨੂੰ ਵਿਸ਼ਵਾਸ ਦਿਵਾਇਆ ਜਾਂਦਾ ਸੀ ਕਿ ਉਨ੍ਹਾਂ ਨੂੰ ਆਪਣੀ ਨਕਦੀ ਜਾਂ ਸੋਨਾ ਸੁਰੱਖਿਅਤ ਰੱਖਣ ਲਈ ਇੱਕ ਸਰਕਾਰੀ ਏਜੰਟ ਨੂੰ ਸੌਂਪਨਾ ਪਵੇਗਾ। ਰੋਸ਼ਨ ਸ਼ਾਹ ਖੁਦ ਇੱਕ 'ਫੈਡਰਲ ਏਜੰਟ' ਬਣ ਕੇ ਇਨ੍ਹਾਂ ਬਜ਼ੁਰਗਾਂ ਕੋਲੋਂ ਪੈਸੇ ਅਤੇ ਸੋਨਾ ਇਕੱਠਾ ਕਰਦਾ ਸੀ।

ਸ਼ਾਹ ਨੇ ਅਮਰੀਕਾ ਦੇ ਵੱਖ-ਵੱਖ ਰਾਜਾਂ ਵਿੱਚ ਕੁੱਲ 15 ਬਜ਼ੁਰਗਾਂ ਕੋਲੋਂ 3.7 ਮਿਲੀਅਨ ਅਮਰੀਕੀ ਡਾਲਰ (ਲਗਭਗ 31 ਕਰੋੜ ਰੁਪਏ) ਦੀ ਰਕਮ ਇਕੱਠੀ ਕੀਤੀ ਸੀ। ਉਸ ਨੂੰ ਸਾਲ 2025 ਦੀਆਂ ਗਰਮੀਆਂ ਵਿੱਚ ਵਿਸਕਾਨਸਿਨ ਦੇ ਨਿਊ ਬਰਲਿਨ ਇਲਾਕੇ ਵਿੱਚੋਂ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਉਹ ਠੱਗੀ ਦੇ ਪੈਸੇ ਵਸੂਲਣ ਦੀ ਕੋਸ਼ਿਸ਼ ਕਰ ਰਿਹਾ ਸੀ।

ਅਮਰੀਕੀ ਅਟਾਰਨੀ ਦਫ਼ਤਰ ਨੇ ਕਿਹਾ ਕਿ ਇਹ ਮਾਮਲਾ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਵਿਦੇਸ਼ੀ ਧੋਖੇਬਾਜ਼ਾਂ ਦੇ ਖ਼ਤਰੇ ਨੂੰ ਦਰਸਾਉਂਦਾ ਹੈ। ਇਸ ਕੇਸ ਦੀ ਜਾਂਚ ਅਮਰੀਕੀ ਹੋਮਲੈਂਡ ਸਕਿਉਰਿਟੀ ਅਤੇ ਨਿਊ ਬਰਲਿਨ ਪੁਲਸ ਵਿਭਾਗ ਵੱਲੋਂ ਸਾਂਝੇ ਤੌਰ 'ਤੇ ਕੀਤੀ ਗਈ ਸੀ। ਸਜ਼ਾ ਸੁਣਾਉਣ ਵੇਲੇ ਅਦਾਲਤ ਨੇ ਇਸ ਨੂੰ ਬਹੁਤ ਹੀ ਗੰਭੀਰ ਅਪਰਾਧ ਕਰਾਰ ਦਿੱਤਾ ਹੈ।
 


author

Inder Prajapati

Content Editor

Related News