ਸਿੱਖ ਕਾਰਕੁੰਨ ਦੀ ਜਾਨ ਨੂੰ ਖ਼ਤਰਾ! UN ਮਾਹਿਰਾਂ ਨੇ ਕੈਨੇਡਾ ਸਰਕਾਰ ਨੂੰ ਦਿੱਤੀ ਸਖ਼ਤ ਹਦਾਇਤ
Tuesday, Aug 04, 2026 - 01:55 PM (IST)
ਇੰਟਰਨੈਸ਼ਨਲ ਡੈਸਕ : ਸੰਯੁਕਤ ਰਾਸ਼ਟਰ ਦੇ ਪੰਜ ਮਨੁੱਖੀ ਅਧਿਕਾਰ ਮਾਹਿਰਾਂ ਨੇ ਕੈਨੇਡਾ ਸਰਕਾਰ ਨੂੰ ਸਿੱਖ ਕਾਰਕੁੰਨ ਮਨਿੰਦਰ ਸਿੰਘ ਦੀ ਸੁਰੱਖਿਆ ਲਈ ਹਰ ਸੰਭਵ ਕਦਮ ਚੁੱਕਣ ਦੀ ਜ਼ੋਰਦਾਰ ਅਪੀਲ ਕੀਤੀ ਹੈ। ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਮਨਿੰਦਰ ਸਿੰਘ ਦੀ ਜਾਨ ਨੂੰ 'ਖਤਰਾ' ਹੈ ਅਤੇ ਕੈਨੇਡੀਅਨ ਅਧਿਕਾਰੀਆਂ ਨੇ ਖੁਦ ਉਨ੍ਹਾਂ ਨੂੰ ਇਸ ਬਾਰੇ ਕਈ ਵਾਰ ਸੁਚੇਤ ਕੀਤਾ ਹੈ। ਕੈਨੇਡੀਅਨ ਸਰਕਾਰ ਨੂੰ ਭੇਜੀ ਗਈ ਇੱਕ ਚਿੱਠੀ ਵਿੱਚ, ਜਿਸ ਨੂੰ ਹਾਲ ਹੀ ਵਿੱਚ ਜਨਤਕ ਕੀਤਾ ਗਿਆ ਹੈ, ਯੂ.ਐਨ. ਮਾਹਿਰਾਂ ਨੇ ਮਨਿੰਦਰ ਸਿੰਘ ਵਿਰੁੱਧ "ਵਿਦੇਸ਼ੀ ਡਰਾਵੇ ਅਤੇ ਬਦਲਾਖੋਰੀ ਦੇ ਚਿੰਤਾਜਨਕ ਦੋਸ਼ਾਂ" ਦਾ ਮੁੱਦਾ ਉਠਾਇਆ ਹੈ। ਦੱਸਣਯੋਗ ਹੈ ਕਿ ਸਾਲ 2022 ਤੋਂ ਲੈ ਕੇ ਹੁਣ ਤੱਕ ਕੈਨੇਡੀਅਨ ਅਧਿਕਾਰੀਆਂ ਵੱਲੋਂ ਮਨਿੰਦਰ ਸਿੰਘ ਨੂੰ ਚਾਰ ਵਾਰ "ਡਿਊਟੀ ਟੂ ਵਾਰਨ ਨੋਟਿਸ ਦਿੱਤੇ ਜਾ ਚੁੱਕੇ ਹਨ, ਜੋ ਉਨ੍ਹਾਂ ਦੀ ਜਾਨ 'ਤੇ ਮੰਡਰਾ ਰਹੇ ਗੰਭੀਰ ਖਤਰੇ ਵੱਲ ਇਸ਼ਾਰਾ ਕਰਦੇ ਹਨ।
ਮਾਹਿਰਾਂ ਨੇ ਕੈਨੇਡੀਅਨ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਨਾ ਸਿਰਫ਼ ਮਨਿੰਦਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੀ ਰੱਖਿਆ ਕਰਨ, ਸਗੋਂ ਉਨ੍ਹਾਂ ਵਰਗੇ ਹੋਰ ਵਿਅਕਤੀਆਂ ਦੀ ਸੁਰੱਖਿਆ ਵੀ ਯਕੀਨੀ ਬਣਾਉਣ। ਚਿੱਠੀ ਵਿੱਚ ਇਨ੍ਹਾਂ ਦੋਸ਼ਾਂ ਦੀ ਜਾਂਚ ਵਿੱਚ ਤੇਜ਼ੀ ਲਿਆਉਣ, ਦੋਸ਼ੀਆਂ ਨੂੰ ਜਵਾਬਦੇਹ ਠਹਿਰਾਉਣ ਅਤੇ ਪੀੜਤਾਂ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ ਗਈ ਹੈ। ਇਹ ਚਿੱਠੀ ਵਿਸ਼ੇਸ਼ ਤੌਰ 'ਤੇ ਅੱਤਵਾਦ ਵਿਰੋਧੀ ਕਾਰਵਾਈਆਂ ਦੌਰਾਨ ਮਨੁੱਖੀ ਅਧਿਕਾਰਾਂ ਦੀ ਰਾਖੀ, ਸ਼ਾਂਤੀਪੂਰਨ ਇਕੱਠ ਕਰਨ ਦੀ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੇ ਰਾਖਿਆਂ ਬਾਰੇ ਵਿਸ਼ੇਸ਼ ਰਿਪੋਰਟਰਾਂ ਵੱਲੋਂ ਲਿਖੀ ਗਈ ਹੈ।
ਇਹ ਮਾਮਲਾ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਭਾਰਤ ਅਤੇ ਕੈਨੇਡਾ ਦੇ ਸਬੰਧ ਪਹਿਲਾਂ ਹੀ ਤਣਾਅਪੂਰਨ ਰਹੇ ਹਨ। 44 ਸਾਲਾ ਮਨਿੰਦਰ ਸਿੰਘ, ਹਰਦੀਪ ਸਿੰਘ ਨਿੱਝਰ ਦੇ ਕਰੀਬੀ ਦੋਸਤ ਹਨ, ਜਿਨ੍ਹਾਂ ਦਾ 2023 ਵਿੱਚ ਵੈਨਕੂਵਰ ਵਿੱਚ ਕਤਲ ਕਰ ਦਿੱਤਾ ਗਿਆ ਸੀ। ਉਸ ਸਮੇਂ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਕਤਲ ਵਿੱਚ ਭਾਰਤ ਦਾ ਹੱਥ ਹੋਣ ਦੇ ਦੋਸ਼ ਲਾਏ ਸਨ, ਜਿਸ ਨੂੰ ਭਾਰਤ ਨੇ ਸਿਰੇ ਤੋਂ ਨਕਾਰ ਦਿੱਤਾ ਸੀ। ਹਾਲਾਂਕਿ, ਹਾਲ ਹੀ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਅਹੁਦਾ ਸੰਭਾਲਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਵਪਾਰਕ ਸਬੰਧਾਂ ਵਿੱਚ ਕੁਝ ਸੁਧਾਰ ਦੇਖਣ ਨੂੰ ਮਿਲਿਆ ਹੈ।
ਮਨਿੰਦਰ ਸਿੰਘ ਨੇ ਖੁਦ ਇਸ ਸਾਲ ਦੇ ਸ਼ੁਰੂ ਵਿੱਚ ਜਨੇਵਾ ਵਿੱਚ ਸੰਯੁਕਤ ਰਾਸ਼ਟਰ ਦਾ ਦੌਰਾ ਕੀਤਾ ਸੀ ਤਾਂ ਜੋ ਵਿਦੇਸ਼ਾਂ ਵਿੱਚ ਸਿੱਖ ਕਾਰਕੁਨਾਂ ਨੂੰ ਨਿਸ਼ਾਨਾ ਬਣਾਏ ਜਾਣ ਵਿਰੁੱਧ ਅੰਤਰਰਾਸ਼ਟਰੀ ਕਾਰਵਾਈ ਦੀ ਮੰਗ ਕੀਤੀ ਜਾ ਸਕੇ। ਯੂ.ਐਨ. ਦੇ ਮਾਹਿਰਾਂ ਨੇ ਕੈਨੇਡਾ ਵੱਲੋਂ ਸਿੰਘ ਨੂੰ ਦਿੱਤੀਆਂ ਚੇਤਾਵਨੀਆਂ ਦਾ ਸਵਾਗਤ ਤਾਂ ਕੀਤਾ ਹੈ, ਪਰ ਨਾਲ ਹੀ ਇਸ ਗੱਲ 'ਤੇ ਚਿੰਤਾ ਪ੍ਰਗਟਾਈ ਹੈ ਕਿ ਫਰਵਰੀ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਲਈ ਕੋਈ ਹੋਰ ਠੋਸ ਨਿਗਰਾਨੀ ਕਦਮ ਨਹੀਂ ਚੁੱਕੇ ਗਏ।
ਇਸ ਚਿੱਠੀ ਦੀ ਇੱਕ ਕਾਪੀ ਭਾਰਤ ਸਰਕਾਰ ਨੂੰ ਵੀ ਭੇਜੀ ਗਈ ਹੈ। ਮਨਿੰਦਰ ਸਿੰਘ ਇੱਕ ਅਜਿਹੇ ਸਮੂਹ ਨਾਲ ਜੁੜੇ ਹੋਏ ਹਨ ਜੋ ਇੱਕ ਸੁਤੰਤਰ ਸਿੱਖ ਰਾਜ 'ਖਾਲਿਸਤਾਨ' ਦੀ ਵਕਾਲਤ ਕਰਦਾ ਹੈ, ਜੋ ਕਿ ਭਾਰਤ ਅਤੇ ਕਈ ਪੱਛਮੀ ਦੇਸ਼ਾਂ ਵਿਚਾਲੇ ਲੰਬੇ ਸਮੇਂ ਤੋਂ ਵਿਵਾਦ ਦਾ ਵਿਸ਼ਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
