ਬੱਚਿਆਂ ਨੂੰ ਕੋਰੋਨਾ ਨਾਲ ਲੜਨਾ ਸਿਖਾਏਗਾ ‘ਏਰੀਓ’

Thursday, Apr 09, 2020 - 05:54 PM (IST)

ਬੱਚਿਆਂ ਨੂੰ ਕੋਰੋਨਾ ਨਾਲ ਲੜਨਾ ਸਿਖਾਏਗਾ ‘ਏਰੀਓ’

ਜਿਨੇਵਾ (ਯੂ. ਨ.ਆਈ.)– ਕੋਰੋਨਾ ਵਾਇਰਸ ਅਤੇ ਲਾਕਡਾਊਨ ਦਰਮਿਆਨ ਬੱਚਿਆਂ ਨੂੰ ਕੋਰੋਨਾ ਨਾਲ ਲੜਨ ਅਤੇ ਭਾਵਨਾਤਮਕ ਰੂਪ ਨਾਲ ਮਜ਼ਬੂਤ ਬਣਾਉਣ ਲਈ 50 ਤੋਂ ਜ਼ਿਆਦਾ ਕੌਮਾਂਤਰੀ ਸੰਗਠਨਾਂ ਨੇ ਮਿਲ ਕੇ ਇਕ ਕਿਤਾਬ ਦੀ ਘੁੰਡ-ਚੁਕਾਈ ਕੀਤੀ ਹੈ। ‘ਮਾਈ ਹੀਰੋ ਇਜ਼ ਯੂ : ਹਾਓ ਕਿਡਸ ਫੈਨ ਫਾਈਟ ਕੋਵਿਡ 19’ ਨਾਂ ਦੀ ਇਸ ਕਿਤਾਬ ਨੂੰ ਕਾਮਿਕ ਬੁੱਕ ਦੀ ਤਰਜ਼ ’ਤੇ ਤਿਆਰ ਕੀਤਾ ਗਿਆ ਹੈ। ਇਸ ਦਾ ਹੀਰੋ ‘ਏਰੀਓ’ ਹੈ। ਕਿਤਾਬ ’ਚ ਇਹ ਵੀ ਦੱਸਿਆ ਗਿਆ ਹੈ ਕਿ ਬੱਚੇ ਕਿਸ ਤਰ੍ਹਾਂ ਆਪਣੇ ਨਾਲ-ਨਾਲ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਵੀ ਕੋਰੋਨਾ ਤੋਂ ਬਚਾ ਸਕਦੇ ਹਨ।

ਨਵੇਂ ਹਾਲਾਤ ਅਤੇ ਤੇਜ਼ੀ ਨਾਲ ਹੋ ਰਹੇ ਬਦਲਾਅ ਦਰਮਿਆਨ ਆਪਣੀਆਂ ਭਾਵਨਾਵਾਂ ਨੂੰ ਕੰਟਰੋਲ ਕਰਨ ਦੇ ਗੁਰ ਏਰੀਓ ਉਨ੍ਹਾਂ ਨੂੰ ਦੱਸੇਗਾ। ਦੁਨੀਆ ਭਰ ਦੇ 1700 ਤੋਂ ਵੱਧ ਬੱਚਿਆਂ, ਮਾਤਾ-ਪਿਤਾ ਅਤੇ ਅਧਿਆਪਕਾਂ ਤੋਂ ਕੋਰੋਨਾ ਦੇ ਸਬੰਧ ’ਚ ਉਨ੍ਹਾਂ ਦੇ ਤਜਰਬੇ ਜਾਣਨ ਤੋਂ ਬਾਅਦ ਹੇਲੇਨ ਪੈਟਕ ਨੇ ਕਿਤਾਬ ਦੇ ਡਾਇਲਾਗ ਅਤੇ ਇਲਿਊਸਟ੍ਰੇਸ਼ਨ ਤਿਆਰ ਕੀਤੇ ਹਨ।

ਵਿਸ਼ਵ ਸਿਹਤ ਸੰਗਠਨ, ਯੂਨੀਸੇਫ, ਸੰਯੁਕਤ ਰਾਸ਼ਟਰ, ਕੌਮਾਂਤਰੀ ਰੈੱਡਕ੍ਰਾਸ ਫੈੱਡਰੇਸ਼ਨ ਅਤੇ ‘ਸੇਵ ਦਿ ਚਿਲਡਰਨ’ ਸਮੇਤ 50 ਤੋਂ ਵੱਧ ਕੌਮਾਂਤਰੀ ਸੰਗਠਨਾਂ ਨੇ ਇਸ ਨੂੰ ਤਿਆਰ ਕਰਨ ’ਚ ਯੋਗਦਾਨ ਦਿੱਤਾ ਹੈ। ਯੂਨੀਸੇਫ ਦੀ ਕਾਰਜਕਾਰੀ ਡਾਇਰੈਕਟਰ ਹੇਨਰਿਟਾ ਫੋਰ ਨੇ ਕਿਹਾ ਕਿ ਦੁਨੀਆ ਭਰ ’ਚ ਬੱਚਿਆਂ ਦੀ ਜ਼ਿੰਦਗੀ ਅਚਾਨਕ ਬਦਲ ਗਈ ਹੈ। ਇਨ੍ਹਾਂ ’ਚੋਂ ਜ਼ਿਆਦਾਤਰ ਜਿੱਥੇ ਹਨ, ਉਨ੍ਹਾਂ ਦੇਸ਼ਾਂ ’ਚ ਲਾਕਡਾਊਨ ਜਾਂ ਆਵਾਜਾਈ ’ਤੇ ਰੋਕ ਹੈ। ਇਹ ਕਿਤਾਬ ‘ਨਵੇਂ ਹਾਲਾਤ’ ਨੂੰ ਸਮਝਣ ਅਤੇ ਉਨ੍ਹਾਂ ਨਾਲ ਤਾਲਮੇਲ ਬਿਠਾਉਣ ’ਚ ਉਨ੍ਹਾਂ ਦੀ ਮਦਦ ਕਰੇਗੀ।


author

Baljit Singh

Content Editor

Related News