ਕੋਰੋਨਾ ਵਾਇਰਸ ਦੇ ਇਲਾਜ ਲਈ ਕੁੱਝ ਹੀ ਮਹੀਨਿਆਂ ''ਚ ਆਵੇਗਾ ਟੀਕਾ: ਕੈਨੇਡੀਅਨ ਮਾਹਰ
Saturday, Jun 13, 2020 - 03:27 PM (IST)
ਓਟਾਵਾ- ਕੈਨੇਡਾ ਦੇ ਰੋਗ ਮਾਹਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਕੋਰੋਨਾ ਵਾਇਰਸ ਦੇ ਇਲਾਜ ਲਈ ਟੀਕਾ ਕੁਝ ਮਹੀਨਿਆਂ ਤੱਕ ਤਿਆਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਟੀਕੇ ਨੂੰ ਬਣਾਉਣ ਵਿਚ ਕਈ ਸਾਲਾਂ ਦਾ ਸਮਾਂ ਨਹੀਂ ਲੱਗ ਸਕਦਾ।
ਕਿਊਬਿਕ ਵਿਚ ਲਾਵਲ ਯੂਨੀਵਰਸਿਟੀ ਵਿਚ ਰੋਗ ਮਾਹਰ ਰਿਸਰਚ ਸੈਂਟਰ ਦੇ ਡਾਕਟਰ ਗੈਰੀ ਕੋਬਿਨਗਰ ਨੇ ਦੱਸਿਆ ਕਿ ਵਿਸ਼ਵ ਭਰ ਵਿਚ ਕੋਰੋਨਾ ਦੇ ਲਗਭਗ 100 ਟੀਕੇ ਬਣ ਚੁੱਕੇ ਹਨ, ਜੋ ਕੋਰੋਨਾ ਵਾਇਰਸ ਨੂੰ ਖਤਮ ਕਰਨ ਲਈ ਕਾਫੀ ਹੱਦ ਤੱਕ ਮਦਦਗਾਰ ਹੋ ਸਕਦੇ ਹਨ। ਬਹੁਤ ਸਾਰੇ ਲੋਕਾਂ 'ਤੇ ਇਸ ਦਾ ਟੈਸਟ ਵੀ ਚੱਲ ਰਿਹਾ ਹੈ ਤੇ ਆਸ ਹੈ ਕਿ ਜਲਦੀ ਹੀ ਸਫਲਤਾ ਮਿਲੇਗੀ। ਉਨ੍ਹਾਂ ਕਿਹਾ ਕਿ ਬਹੁਤੇ ਲੋਕਾਂ ਨੂੰ ਲੱਗਦਾ ਹੈ ਕਿ ਸ਼ਾਇਦ ਕੋਰੋਨਾ ਦਾ ਟੀਕਾ ਬਣਾਉਣ ਵਿਚ 10 ਸਾਲਾਂ ਤੱਕ ਦਾ ਸਮਾਂ ਲੱਗ ਜਾਵੇਗਾ ਪਰ ਅਜਿਹਾ ਨਹੀਂ ਹੈ। ਕੋਰੋਨਾ ਨੂੰ ਖਤਮ ਕਰਨ ਵਾਲਾ ਟੀਕਾ ਅਗਲੇ ਕੁੱਝ ਮਹੀਨਿਆਂ ਵਿਚ ਤਿਆਰ ਹੋ ਜਾਵੇਗਾ।
ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਈਬੋਲਾ ਵਾਇਰਸ ਦੀ ਰੋਕਥਾਮ ਲਈ ਟੀਕਾ ਬਣਾਉਣ ਵਿਚ ਕੰਮ ਕੀਤਾ ਸੀ ਅਤੇ ਉਸ ਸਮੇਂ ਉਹ ਮੈਨੀਟੋਬਾ ਦੀ ਨੈਸ਼ਨਲ ਮਾਈਕ੍ਰੋਬਾਇਓਲਾਜੀ ਲੈਬੋਰੇਟਰੀ ਵਿਚ ਕੰਮ ਕਰਦੇ ਸਨ।
ਇਸ ਸਮੇਂ ਉਹ ਕੈਨੇਡਾ, ਚੀਨ, ਅਮਰੀਕਾ, ਯੂਰਪ, ਅਫਰੀਕਾ ਵਰਗੇ ਦੇਸ਼ਾਂ ਦੀਆਂ ਲੈਬਜ਼ ਵਿਚ ਸਾਰਸ ਕੋਵਿਡ-2 ਦਾ ਟੀਕਾ ਬਣਾਉਣ ਵਿਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਜਦ ਤੱਕ ਟੀਕਾ ਸਭ ਲੋਕਾਂ ਤੱਕ ਪੁੱਜ ਨਹੀਂ ਜਾਂਦਾ ਤਦ ਤੱਕ ਲੋਕਾਂ ਨੂੰ ਸਮਾਜਕ ਦੂਰੀ ਬਣਾਈ ਰੱਖਣ ਦੀ ਬਹੁਤ ਜ਼ਰੂਰਤ ਹੈ।