ਕੈਨੇਡਾ : ਬ੍ਰਿਟਿਸ਼ ਕੋਲੰਬੀਆ 'ਚ ਤੇਜ਼ ਤੂਫਾਨ, 1 ਦੀ ਮੌਤ
Friday, Dec 21, 2018 - 02:25 PM (IST)

ਟੋਰਾਂਟੋ (ਬਿਊਰੋ)— ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿਚ ਵੀਰਵਾਰ ਨੂੰ ਆਏ ਸ਼ਕਤੀਸ਼ਾਲੀ ਤੂਫਾਨ ਨੇ ਭਾਰੀ ਤਬਾਹੀ ਮਚਾਈ। ਤੂਫਾਨ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਦੇ ਇਲਾਵਾ ਬਿਜਲੀ ਸਪਲਾਈ ਠੱਪ ਹੋ ਗਈ ਅਤੇ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਤੂਫਾਨ ਕਾਰਨ ਹਵਾਵਾਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਚੱਲੀਆਂ, ਜਿਸ ਕਾਰਨ ਕਈ ਰੁੱਖ ਜੜ੍ਹਾਂ ਤੋਂ ਉੱਖੜ ਗਏ ਜਦਕਿ ਕੁਝ ਰੁੱਖਾਂ ਦੀਆਂ ਟਾਹਣੀਆਂ ਟੁੱਟ ਕੇ ਨੇੜਲੇ ਘਰਾਂ 'ਤੇ ਡਿੱਗ ਪਈਆਂ।
ਅਧਿਕਾਰੀ ਬਿਜਲੀ ਸਪਲਾਈ ਦੁਬਾਰਾ ਚਾਲੂ ਕਰਨ ਦੀ ਕੋਸ਼ਿਸ਼ ਵਿਚ ਜੁਟੇ ਹੋਏ ਹਨ। ਕੈਨੇਡੀਅਨ ਏਅਰ ਫੋਰਸ ਨੇ ਵ੍ਹਾਈਟ ਰੌਕ ਪੀਰ 'ਤੇ ਤੂਫਾਨ ਕਾਰਨ ਫਸੇ ਇਕ ਵਿਅਕਤੀ ਦੀ ਜਾਨ ਬਚਾਈ।
ਤੂਫਾਨ ਕਾਰਨ ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਡਾਣ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ। ਵਾਤਾਵਰਨ ਕੈਨੇਡਾ ਨੇ ਜਾਣਕਾਰੀ ਦਿੱਤੀ ਕਿ ਅੱਜ ਸ਼ਾਮ ਤੱਕ ਹਵਾਵਾਂ ਦੀ ਗਤੀ ਘੱਟ ਹੋਣ ਦੀ ਉਮੀਦ ਹੈ।