ਚੈੱਕ ਗਣਰਾਜ ਨੂੰ ਹਰਾ ਫਾਈਨਲ ''ਚ ਪੁੱਜੀ ਕੈਨੇਡਾ ਦੀ ਅੰਡਰ-18 ਮਹਿਲਾ ਹਾਕੀ ਟੀਮ
Monday, Jan 19, 2026 - 04:28 AM (IST)
ਵੈਨਕੂਵਰ (ਮਲਕੀਤ ਸਿੰਘ) – ਕੈਨੇਡਾ ਦੀ ਅੰਡਰ-18 ਮਹਿਲਾ ਹਾਕੀ ਟੀਮ ਨੇ ਵਿਸ਼ਵ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿੱਚ ਚੈਕ ਗਣਰਾਜ ਨੂੰ 8–1 ਨਾਲ ਕਰਾਰੀ ਹਾਰ ਦੇ ਕੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ। ਇਹ ਮੈਚ ਕੈਨੇਡਾ ਦੇ ਸੂਬੇ ਨੋਵਾ ਸਕੋਸ਼ੀਆ ਦੇ ਸਿਡਨੀ ਸ਼ਹਿਰ ਵਿੱਚ ਖੇਡਿਆ ਗਿਆ, ਜਿੱਥੇ ਕੈਨੇਡੀਅਨ ਟੀਮ ਨੇ ਪਹਿਲੇ ਪੰਜ ਮਿੰਟਾਂ ਦੇ ਅੰਦਰ ਹੀ ਮੈਚ ਦਾ ਰੁਖ ਆਪਣੀ ਪੱਖ ਵਿੱਚ ਕਰ ਲਿਆ।
ਕੈਨੇਡਾ ਨੇ ਮੈਚ ਦੇ ਪਹਿਲੇ 5 ਮਿੰਟ 12 ਸਕਿੰਟਾਂ ਵਿੱਚ ਹੀ ਤਿੰਨ ਗੋਲ ਦਾਗ ਕੇ ਵਿਰੋਧੀ ਟੀਮ ਨੂੰ ਪਿੱਛੇ ਧੱਕ ਦਿੱਤਾ। ਤੇਜ਼ ਰਫ਼ਤਾਰ ਹਮਲਿਆਂ, ਸਟੀਕ ਪਾਸਾਂ ਅਤੇ ਮਜ਼ਬੂਤ ਰੱਖਿਆ ਦੇ ਨਾਲ ਕੈਨੇਡਾ ਨੇ ਮੈਚ ਦੌਰਾਨ ਪੂਰੀ ਬੜਤ ਬਣਾਈ ਰੱਖੀ। ਪਹਿਲੇ ਪੀਰੀਅਡ ਵਿੱਚ ਬਣੀ ਬੜ੍ਹਤ ਨੇ ਚੈਕ ਗਣਰਾਜ ਨੂੰ ਮੁੜ ਸੰਭਲਣ ਦਾ ਮੌਕਾ ਹੀ ਨਾ ਦਿੱਤਾ।
ਦੂਜੇ ਅਤੇ ਤੀਜੇ ਪੀਰੀਅਡ ਵਿੱਚ ਵੀ ਕੈਨੇਡਾ ਦੀਆਂ ਖਿਡਾਰਨਾਂ ਨੇ ਲਗਾਤਾਰ ਦਬਾਅ ਬਣਾਇਆ ਰੱਖਿਆ। ਹਮਲਾਵਰ ਖੇਡ ਦੇ ਨਾਲ-ਨਾਲ ਟੀਮ ਦੀ ਰੱਖਿਆ ਲਾਈਨ ਅਤੇ ਗੋਲਕੀਪਰ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਕਾਰਨ ਚੈਕ ਗਣਰਾਜ ਸਿਰਫ਼ ਇੱਕ ਹੀ ਗੋਲ ਕਰਨ ਵਿੱਚ ਕਾਮਯਾਬ ਹੋ ਸਕਿਆ। ਹੁਣ ਕੈਨੇਡਾ ਦੀ ਟੀਮ ਵਿਸ਼ਵ ਖਿਤਾਬ ਦੀ ਰੱਖਿਆ ਲਈ ਫਾਈਨਲ ਵਿੱਚ ਅਮਰੀਕਾ ਦਾ ਸਾਹਮਣਾ ਕਰੇਗੀ। ਹਾਕੀ ਪ੍ਰੇਮੀਆਂ ਦੀਆਂ ਨਜ਼ਰਾਂ ਇਸ ਮਹਾਂ ਮੁਕਾਬਲੇ ‘ਤੇ ਟਿਕੀਆਂ ਹੋਈਆਂ ਹਨ।
