ਕੈਨੇਡਾ ਜਾਣ ਦੀ ਸੋਚ ਰਹੇ ਲੋਕਾਂ ਲਈ ਬੁਰੀ ਖ਼ਬਰ, ਟਰੂਡੋ ਸਰਕਾਰ ਨੇ ਵਧਾਈ ਪਾਬੰਦੀ

08/29/2020 9:33:31 AM

ਓਟਾਵਾ- ਜੇਕਰ ਤੁਹਾਡੇ ਕੋਲ ਕੈਨੇਡਾ ਦਾ ਵੀਜ਼ਾ ਹੈ ਪਰ ਉੱਥੋਂ ਦੀ ਸਰਕਾਰ ਦੇ ਕੋਰੋਨਾ ਵਾਇਰਸ ਸਬੰਧੀ ਨਿਯਮਾਂ ਮੁਤਾਬਕ, ਤੁਹਾਡੀ ਯਾਤਰਾ ਗੈਰ-ਜ਼ਰੂਰੀ ਮੰਨੀ ਜਾਂਦੀ ਹੈ ਤਾਂ ਤੁਸੀਂ ਫਿਲਹਾਲ ਕੈਨੇਡਾ ਦਾ ਰੁਖ਼ ਨਹੀਂ ਕਰ ਸਕਦੇ। ਕੈਨੇਡਾ ਦੀ ਟਰੂਡੋ ਸਰਕਾਰ ਨੇ ਕੋਵਿਡ-19 ਸੰਕਰਮਣ ਨੂੰ ਸੀਮਤ ਕਰਨ ਲਈ ਕੌਮਾਂਤਰੀ ਯਾਤਰਾ 'ਤੇ ਲਾਈ ਪਾਬੰਦੀ ਇਕ ਮਹੀਨੇ ਲਈ ਹੋਰ ਵਧਾ ਦਿੱਤੀ ਹੈ। 

ਕੈਨੇਡਾ ਸਰਕਾਰ ਦੇ ਮੰਤਰੀ ਬਿੱਲ ਬਲੇਅਰ ਨੇ ਕਿਹਾ ਕਿ ਕੌਮਾਂਤਰੀ ਯਾਤਰਾ 'ਤੇ ਮੌਜੂਦਾ ਪਾਬੰਦੀਆਂ ਨੂੰ 30 ਸਤੰਬਰ ਤੱਕ ਲਈ ਵਧਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੈਨੇਡੀਅਨ ਸਿਟੀਜ਼ਨਸ ਅਤੇ ਪੱਕੇ ਵਸਨੀਕ ਜੋ ਕੈਨੇਡਾ ਵਾਪਸ ਪਰਤ ਰਹੇ ਹਨ, ਨੂੰ ਇਕਾਂਤਵਾਸ ਦੇ ਸਖ਼ਤ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। 

ਕੈਨੇਡਾ ਆਉਣ ਵਾਲੇ ਯਾਤਰੀਆਂ ਨੂੰ ਫਿਰ ਵੀ ਪੁੱਛਿਆ ਜਾਵੇਗਾ ਕਿ ਕੀ ਉਨ੍ਹਾਂ ਨੂੰ ਖੰਘ, ਬੁਖਾਰ ਹੈ ਜਾਂ ਸਾਹ ਲੈਣ ਵਿਚ ਮੁਸ਼ਕਲ ਤਾਂ ਨਹੀਂ ਹੈ। ਕੈਨੇਡਾ ਪਹੁੰਚਣ 'ਤੇ 14 ਦਿਨ ਦਾ ਇਕਾਂਤਵਾਸ ਜ਼ਰੂਰੀ ਹੈ।

ਕੈਨੇਡਾ ਨੇ ਇਹ ਕਦਮ ਗੈਰ-ਜ਼ਰੂਰੀ ਯਾਤਰਾ ਕਰਨ ਵਾਲੇ ਕੌਮਾਂਤਰੀ ਯਾਤਰੀਆਂ ਨੂੰ ਰੋਕਣ ਲਈ ਚੁੱਕਿਆ ਹੈ, ਤਾਂ ਜੋ ਦੇਸ਼ ਵਿਚ ਕੋਰੋਨਾ ਵਾਇਰਸ ਦੇ ਫੈਲਣ ਨੂੰ ਸੀਮਤ ਕੀਤਾ ਜਾ ਸਕੇ। ਇਸ ਵਿਚ ਸੈਰ-ਸਪਾਟਾ, ਗੈਰ-ਜ਼ਰੂਰੀ ਯਾਤਰਾ ਤੇ ਮਨੋਰੰਜਨ ਲਈ ਕੈਨੇਡਾ ਘੁੰਮਣ ਵਾਲੇ ਲੋਕਾਂ ਦੇ ਆਉਣ 'ਤੇ ਪਾਬੰਦੀ ਲਗਾਈ ਗਈ ਹੈ। 
 


Lalita Mam

Content Editor

Related News