ਭਾਰਤ ਨਾਲ ਵਪਾਰਕ ਸਬੰਧਾਂ ਨੂੰ ਖਰਾਬ ਨਹੀਂ ਕਰਨਾ ਚਾਹੁੰਦੈ ਕੈਨੇਡਾ, ਗੱਲਬਾਤ ਨੂੰ ਤਿਆਰ ਹੈ ਟਰੂਡੋ ਸਰਕਾਰ
Thursday, Oct 17, 2024 - 06:27 PM (IST)
ਜਲੰਧਰ (ਸੂਰਜ ਠਾਕੁਰ) - ਖਾਲਿਸਤਾਨੀ ਅੱਤਵਾਦੀ ਹਰਦੀਪ ਨਿੱਝਰ ਦੇ ਕਤਲ ਤੋਂ ਬਾਅਦ ਕੈਨੇਡਾ ਅਤੇ ਭਾਰਤ ਵਿਚਾਲੇ ਚੱਲ ਰਿਹਾ ਵਿਵਾਦ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। ਇਸ ਦੌਰਾਨ ਦੋਵਾਂ ਦੇਸ਼ਾਂ ਦੇ ਵਪਾਰਕ ਸਬੰਧਾਂ ’ਤੇ ਇਸ ਦਾ ਸਿੱਧਾ ਅਸਰ ਪੈਣ ਦੀ ਸੰਭਾਵਨਾ ਵੀ ਪ੍ਰਗਟਾਈ ਜਾ ਰਹੀ ਹੈ।
ਕੈਨੇਡਾ ਨੇ ਵੀ ਵਪਾਰਕ ਸਬੰਧਾਂ ਨੂੰ ਲੈ ਕੇ ਅਨਿਸ਼ਚਿਤਤਾ ਪ੍ਰਗਟਾਈ ਹੈ ਅਤੇ ਨਾਲ ਹੀ ਇਹ ਵੀ ਕਿਹਾ ਹੈ ਕਿ ਤਣਾਅ ਦੇ ਬਾਵਜੂਦ ਕੈਨੇਡਾ ਦੀ ਸੰਘੀ ਸਰਕਾਰ ਭਾਰਤ ਨਾਲ ਆਪਣੇ ਵਪਾਰਕ ਸਬੰਧਾਂ ਨੂੰ ਬਣਾਈ ਰੱਖਣ ਲਈ ਵਚਨਬੱਧ ਹੈ। ਗਲੋਬਲ ਮੇਲ ਦੀ ਰਿਪੋਰਟ ਮੁਤਾਬਕ ਕੈਨੇਡਾ ਦੀ ਵਪਾਰ ਮੰਤਰੀ ਮੈਰੀ ਐੱਨ. ਜੀ. ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਅਸੀਂ ਭਾਰਤ ਨਾਲ ਜੁੜੇ ਸਾਰੇ ਕੈਨੇਡੀਅਨ ਵਪਾਰੀਆਂ ਨਾਲ ਮਿਲ ਕੇ ਕੰਮ ਕਰਾਂਗੇ ਤਾਂ ਜੋ ਇਹ ਮਹੱਤਵਪੂਰਨ ਆਰਥਿਕ ਸਬੰਧ ਮਜ਼ਬੂਤ ਬਣੇ ਰਹਿ ਸਕਣ।
ਹਾਲਾਂਕਿ ਉਨ੍ਹਾਂ ਇਹ ਕਿਹਾ ਹੈ ਕਿ ਕੈਨੇਡਾ ਕੈਨੇਡੀਅਨ ਨਾਗਰਿਕਾਂ ਨੂੰ ਧਮਕਾਉਣ, ਜ਼ਬਰਦਸਤੀ ਵਸੂਲੀ ਕਰਨ ਜਾਂ ਨੁਕਸਾਨ ਪਹੁੰਚਾਉਣ ਦੀਆਂ ਵਾਰਦਾਤਾਂ ਨੂੰ ਬਰਦਾਸ਼ਤ ਨਹੀਂ ਕਰੇਗਾ। ਮੈਰੀ ਐੱਨ.ਜੀ. ਨੇ ਕਿਹਾ ਹੈ ਕਿ ਕੈਨੇਡਾ ਸਰਕਾਰ ਭਾਰਤ ਨਾਲ ਗੱਲਬਾਤ ਲਈ ਤਿਆਰ ਹੈ ਅਤੇ ਕੀਮਤੀ ਰਿਸ਼ਤਿਆਂ ਨੂੰ ਬਣਾਈ ਰੱਖਣ ਲਈ ਤੱਤਪਰ ਹੈ।
1000 ਤੋਂ ਜ਼ਿਆਦਾ ਕੰਪਨੀਆਂ ਭਾਰਤੀ ਬਾਜ਼ਾਰ ਵਿਚ ਸਰਗਰਮ
ਮਾਮਲੇ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਟਰੂਡੋ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਸਬੰਧ ਆਮ ਵਾਂਗ ਰਹੇ ਹਨ। ਹੁਣ ਕੈਨੇਡਾ ਵਿਚ ਆਮ ਚੋਣਾਂ ਨੂੰ ਤਕਰੀਬਨ ਇਕ ਸਾਲ ਬਾਕੀ ਰਹਿ ਗਿਆ ਹੈ, ਇਸ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੋਟ ਬੈਂਕ ਦੀ ਖ਼ਾਤਰ ਆਪਣੀ ਸੱਤਾ ਬਚਾਉਣ ਲਈ ਪ੍ਰਭਾਵਸ਼ਾਲੀ ਖਾਲਿਸਤਾਨੀ ਪੱਖੀ ਆਗੂਆਂ ਦੇ ਦਬਾਅ ਹੇਠ ਆ ਗਏ ਹਨ।
ਅਸਲੀਅਤ ਤਾਂ ਇਹ ਹੈ ਕਿ ਭਾਰਤੀ ਬਾਜ਼ਾਰ ਵਿਚ ਕੈਨੇਡੀਅਨ ਨਿਵੇਸ਼ਕਾਂ ਦੇ ਕਈ ਅਰਬ ਡਾਲਰ ਦਾਅ ’ਤੇ ਲੱਗੇ ਹੋਏ ਹਨ। ਰਿਪੋਰਟ ਅਨੁਸਾਰ ਭਾਰਤ ਵਿਚ 600 ਕੈਨੇਡੀਅਨ ਕੰਪਨੀਆਂ ਮੌਜੂਦ ਹਨ, ਜਦਕਿ 1000 ਤੋਂ ਵੱਧ ਕੰਪਨੀਆਂ ਭਾਰਤੀ ਬਾਜ਼ਾਰ ਵਿਚ ਸਰਗਰਮੀ ਨਾਲ ਕਾਰੋਬਾਰ ਕਰ ਰਹੀਆਂ ਹਨ।
ਸੀ.ਪੀ.ਪੀ.ਆਈ.ਬੀ. ਦੀ ਕਈ ਕੰਪਨੀਆਂ ’ਚ ਹਿੱਸੇਦਾਰੀ
ਵਰਤਮਾਨ ਵਿਚ ਕੈਨੇਡੀਅਨ ਪੈਨਸ਼ਨ ਪਲਾਨ ਇਨਵੈਸਟਮੈਂਟ ਬੋਰਡ (ਸੀ. ਪੀ. ਪੀ. ਆਈ. ਬੀ.) ਦੀ ਕੋਟਕ ਮਹਿੰਦਰਾ ਬੈਂਕ, ਇੰਡਸ ਟਾਵਰਜ਼, ਪੇਅਟੀਐੱਮ, ਜ਼ੋਮੈਟੋ, ਨਾਇਕਾ ਆਦਿ ਵਿਚ ਹਿੱਸੇਦਾਰੀ ਹੈ। ਇਨਫੋਸਿਸ, ਵਿਪਰੋ ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਵਰਗੀਆਂ ਵੱਡੀਆਂ ਭਾਰਤੀ ਕੰਪਨੀਆਂ ਕੋਲ ਵੀ ਯੂ.ਐੱਸ.-ਸੂਚੀਬੱਧ ਸ਼ੇਅਰ ਵੀ ਹਨ। ਸੀ.ਪੀ.ਪੀ.ਆਈ.ਬੀ. ਦੀ ਪਿਰਾਮਲ ਇੰਟਰਪ੍ਰਾਈਜ਼ਿਜ਼, ਸ਼ਾਪੂਰਜੀ ਪੱਲੋਨਜੀ ਗਰੁੱਪ ਅਤੇ ਲਾਰਸਨ ਐਂਡ ਟੂਬਰੋ ਨਾਲ ਵੀ ਕਾਰੋਬਾਰੀ ਭਾਈਵਾਲੀ ਹੈ। ਕੈਨੇਡਾ ਸਥਿਤ ਗਲੋਬਲ ਇਨਵੈਸਟਮੈਂਟ ਗਰੁੱਪ ਭਾਰਤ ਨੂੰ ਇਕ ਰਣਨੀਤਿਕ ਬਾਜ਼ਾਰ ਮੰਨਦਾ ਹੈ ਅਤੇ ਇਸ ਦੀ ਵੈੱਬਸਾਈਟ ਅਨੁਸਾਰ ਇਸ ਨੇ 2022 ਦੇ ਅੰਤ ਤੱਕ ਭਾਰਤ ਵਿਚ ਲੱਗਭਗ 6 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਸੀ।
ਕੈਨੇਡਾ ਤੋਂ ਅਰਬਾਂ ਡਾਲਰ ਦੀ ਫੰਡਿੰਗ
ਇਕ ਰਿਪੋਰਟ ਮੁਤਾਬਕ ਪਿਛਲੇ ਕੁਝ ਸਾਲਾਂ ’ਚ ਸੀ.ਡੀ.ਪੀ.ਕਿਊ. ਨੇ ਕੋਟਕ ਮਹਿੰਦਰਾ ਬੈਂਕ, ਐਡਲਵਾਈਸ ਗਰੁੱਪ, ਪਿਰਾਮਲ ਇੰਟਰਪ੍ਰਾਈਜ਼ਿਜ਼, ਟੀ. ਵੀ. ਐੱਸ. ਲਾਜਿਸਟਿਕਸ, ਐਜ਼ਿਓਰ ਪਾਵਰ ਗਲੋਬਲ ਅਤੇ ਅਪ੍ਰਾਵਾ ਐਨਰਜੀ ਵਰਗੀਆਂ ਕੰਪਨੀਆਂ ’ਚ ਫੰਡਿੰਗ ਕੀਤੀ ਹੈ। ਫਰਵਰੀ 2020 ’ਚ ਇਸ ਨੇ ਭਾਰਤ ਵਿਚ ਨਿਵੇਸ਼ ਕਰਨ ਲਈ ਇਕ ਥਰਡ-ਪਾਰਟੀ ਐਸੇਟ ਮੈਨੇਜਰ ਨਾਲ 300 ਮਿਲੀਅਨ ਡਾਲਰ ਦਾ ਪ੍ਰਾਈਵੇਟ ਕ੍ਰੈਡਿਟ ਪਲੇਟਫਾਰਮ ਲਾਂਚ ਕੀਤਾ ਸੀ।
ਭਾਰਤ ਵਿਸ਼ਵ ਪੱਧਰ ’ਤੇ ਭਾਰਤੀ ਪ੍ਰਵਾਸੀ ਕਰਮਚਾਰੀਆਂ ਦੀ ਵੱਡੀ ਮੌਜੂਦਗੀ ਕਾਰਨ ਵਿਦੇਸ਼ਾਂ ਤੋਂ ਪੈਸੇ ਭੇਜਣ ਦਾ ਸਭ ਤੋਂ ਵੱਡਾ ਪ੍ਰਾਪਤਕਰਤਾ ਹੈ। ਵਿਸ਼ਵ ਬੈਂਕ ਅਨੁਸਾਰ 2023 ’ਚ ਭਾਰਤ ਨੂੰ ਅੰਦਾਜ਼ਨ 125 ਬਿਲੀਅਨ ਡਾਲਰ ਦੀ ਰੈਮੀਟੈਂਸ ਪ੍ਰਾਪਤ ਹੋਇਆ, ਜਿਸ ’ਚ ਕੈਨੇਡਾ ਟਾਪ-10 ਸਰੋਤਾਂ ਵਿਚ ਸ਼ਾਮਲ ਹੈ। ਵਿੱਤ ਮੰਤਰਾਲਾ ਅਨੁਸਾਰ ਕੈਨੇਡਾ ਨੇ 2021-22 ਵਿਚ ਕੁੱਲ ਆਮਦਨੀ ਵਿਚ 0.6 ਫੀਸਦੀ ਦਾ ਯੋਗਦਾਨ ਪਾਇਆ।
ਅੰਤਰਰਾਸ਼ਟਰੀ ਵਿਦਿਆਰਥੀਆਂ ’ਚ 40 ਫੀਸਦੀ ਭਾਰਤੀ
ਨੈਸ਼ਨਲ ਫਾਊਂਡੇਸ਼ਨ ਫਾਰ ਅਮਰੀਕਨ ਪਾਲਿਸੀ (ਐੱਨ. ਐੱਫ. ਏ. ਪੀ.) ਅਨੁਸਾਰ ਕੈਨੇਡਾ ਵਿਚ ਕੁੱਲ ਅੰਤਰਰਾਸ਼ਟਰੀ ਵਿਦਿਆਰਥੀਆਂ ਵਿਚੋਂ ਲੱਗਭਗ 40 ਫੀਸਦੀ ਭਾਰਤੀ ਹਨ। ਅਧਿਕਾਰਤ ਅੰਕੜੇ ਦੱਸਦੇ ਹਨ ਕਿ ਲੱਗਭਗ 13.35 ਲੱਖ ਭਾਰਤੀ ਵਿਦਿਆਰਥੀ ਵਿਦੇਸ਼ਾਂ ਵਿਚ ਪੜ੍ਹ ਰਹੇ ਹਨ, ਜਿਨ੍ਹਾਂ ’ਚੋਂ ਲੱਗਭਗ 4,27,000 ਕੈਨੇਡਾ ਵਿਚ ਪੜ੍ਹ ਰਹੇ ਹਨ।
ਇਸ ਤੋਂ ਇਲਾਵਾ 2013 ਤੋਂ 2023 ਤੱਕ ਕੈਨੇਡਾ ਵਿਚ ਪ੍ਰਵਾਸ ਕਰਨ ਵਾਲੇ ਭਾਰਤੀਆਂ ਦੀ ਗਿਣਤੀ 32,828 ਤੋਂ ਵਧ ਕੇ 139,715 ਹੋ ਗਈ, ਜੋ 326 ਫੀਸਦੀ ਦਾ ਵਾਧਾ ਦਰਸਾਉਂਦੀ ਹੈ। ਕੈਨੇਡਾ ਦੀ ਕਾਰਲਟਨ ਯੂਨੀਵਰਸਿਟੀ ’ਚ ਸਿਆਸੀ ਮਾਹਿਰ ਅਤੇ ਪ੍ਰੋਫੈਸਰ ਸਟੈਫਨੀ ਕਾਰਵਿਨ ਨੇ ਕਿਹਾ ਕਿ ਕੈਨੇਡਾ ਦੇ ਨਵੇਂ ਦੋਸ਼ ਬਹੁਤ ਗੰਭੀਰ ਹਨ। ਭਾਰਤ ਨਾਲ ਸਬੰਧ ਹੋਰ ਖਰਾਬ ਹੋ ਸਕਦੇ ਹਨ। ਅਲ ਜਜ਼ੀਰਾ ਦੀ ਰਿਪੋਰਟ ਮੁਤਾਬਕ ਉਨ੍ਹਾਂ ਕਿਹਾ ਕਿ ਇਹ ਕੈਨੇਡਾ ਨੂੰ ਹੋਰ ਵੀ ਮੁਸ਼ਕਲ ਸਥਿਤੀ ’ਚ ਪਾਉਂਦਾ ਹੈ।
ਦੋਵਾਂ ਦੇਸ਼ਾਂ ਵਿਚਾਲੇ ਦੁਵੱਲਾ ਵਪਾਰ ਜ਼ਿਆਦਾ ਵੱਡਾ ਨਹੀਂ
ਕੈਨੇਡਾ ਨੂੰ ਭਾਰਤ ਦੇ ਬਰਾਮਦ ਦੀਆਂ ਪ੍ਰਮੁੱਖ ਵਸਤਾਂ ਵਿਚ ਰਤਨ, ਗਹਿਣੇ ਅਤੇ ਕੀਮਤੀ ਪੱਥਰ, ਦਵਾਈਆਂ, ਤਿਆਰ ਕੱਪੜੇ, ਮਕੈਨੀਕਲ ਸਾਜ਼ੋ-ਸਾਮਾਨ, ਜੈਵਿਕ ਰਾਸਾਇਣ, ਇੰਜੀਨੀਅਰਿੰਗ ਸਾਮਾਨ, ਲੋਹਾ ਅਤੇ ਸਟੀਲ ਦੀਆਂ ਵਸਤਾਂ ਆਦਿ ਸ਼ਾਮਲ ਹਨ। ਇਸ ਦੌਰਾਨ ਕੈਨੇਡਾ ਤੋਂ ਭਾਰਤ ਦੀਆਂ ਦਰਾਮਦਾਂ ਵਿਚ ਦਾਲਾਂ, ਅਖਬਾਰੀ ਕਾਗਜ਼, ਲੱਕੜ ਦਾ ਗੁੱਦਾ, ਪੋਟਾਸ਼, ਲੋਹਾ ਦਾ ਸਕ੍ਰੈਪ, ਤਾਂਬਾ, ਖਣਿੱਜ ਅਤੇ ਉਦਯੋਗਿਕ ਰਾਸਾਇਣ ਆਦਿ ਸ਼ਾਮਲ ਹਨ।
ਮਾਹਿਰਾਂ ਦੀ ਮੰਨੀਏ ਤਾਂ ਕੈਨੇਡਾ ਦਾ ਭਾਰਤ ਨਾਲ ਦੁਵੱਲਾ ਵਪਾਰ ਇੰਨਾ ਵੱਡਾ ਨਹੀਂ ਹੈ ਕਿ ਇਸ ਦਾ ਅਸਰ ਭਾਰਤ ਦੇ ਸਮੁੱਚੇ ਕਾਰੋਬਾਰ ’ਤੇ ਪੈ ਸਕੇ। ਭਾਰਤ ਆਸਟ੍ਰੇਲੀਆ ਨਾਲ ਇਸ ਵਪਾਰ ਨੂੰ ਆਸਾਨੀ ਨਾਲ ਵਧਾ ਸਕਦਾ ਹੈ। ਥਿੰਕ ਟੈਂਕ ਗਲੋਬਲ ਟ੍ਰੇਡ ਰਿਸਰਚ ਇਨੀਸ਼ੀਏਟਿਵ (ਜੀ. ਟੀ. ਆਰ. ਆਈ.) ਦੀ ਇਕ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਇਨ੍ਹਾਂ ਮਹੱਤਵਪੂਰਨ ਸਿਆਸੀ ਝਗੜਿਆਂ ਦੇ ਬਾਵਜੂਦ ਭਾਰਤ ਅਤੇ ਕੈਨੇਡਾ ਵਿਚਕਾਰ ਵਪਾਰ ’ਤੇ ਜ਼ਮੀਨੀ ਪ੍ਰਭਾਵ ਘਟ ਰਿਹਾ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਵਪਾਰ ਨਿੱਜੀ ਖੇਤਰ ਦੇ ਪੱਧਰ ’ਤੇ ਹੁੰਦਾ ਹੈ ਅਤੇ ਨਾ ਹੀ ਭਾਰਤ ਅਤੇ ਨਾ ਹੀ ਕੈਨੇਡਾ ਨੇ ਅਜਿਹੇ ਨਿਯਮ ਬਣਾਏ ਹਨ ਜੋ ਵਸਤੂਆਂ ਜਾਂ ਸੇਵਾਵਾਂ ਦੇ ਪ੍ਰਵਾਹ ’ਤੇ ਪਾਬੰਦੀ ਲਾਉਂਦੇ ਹਨ।