ਪੰਜਾਬ ਸਰਕਾਰ ਦੀ ਖੇਡਾਂ ਨੂੰ ਲੈ ਕੇ ਵੱਡੀ ਪਹਿਲ ਕਦਮੀ, ਹਰ ਪਿੰਡ 'ਚ ਬਣੇਗਾ ਖੇਡ ਸਟੇਡੀਅਮ

Sunday, Nov 23, 2025 - 01:30 PM (IST)

ਪੰਜਾਬ ਸਰਕਾਰ ਦੀ ਖੇਡਾਂ ਨੂੰ ਲੈ ਕੇ ਵੱਡੀ ਪਹਿਲ ਕਦਮੀ, ਹਰ ਪਿੰਡ 'ਚ ਬਣੇਗਾ ਖੇਡ ਸਟੇਡੀਅਮ

ਜਲੰਧਰ : ਪੰਜਾਬ ਸਰਕਾਰ ਵਲੋਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਨੂੰ ਨਵੀਂ ਉਡਾਣ ਦੇਣ ਲਈ ਵੱਡੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਸੂਬਾ ਸਰਕਾਰ ਨੇ ਸੂਬੇ ਨੂੰ ਖ਼ੁਸ਼ਹਾਲ, ਰੰਗਲਾ ਅਤੇ ਸਿਹਤਮੰਦ ਪੰਜਾਬ ਬਣਾਉਣ ਦਾ ਵਾਅਦਾ ਕੀਤਾ ਹੈ, ਇਸ ਦੇ ਲਈ ਸੂਬੇ ਦੇ ਹਰੇਕ ਪਿੰਡ 'ਚ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ। ਪਹਿਲੇ ਪੜਾਅ ਤਹਿਤ 3,083 ਅਤਿ-ਆਧੁਨਿਕ ਸਟੇਡੀਅਮਾਂ ਦੀ ਉਸਾਰੀ ਦਾ ਕੰਮ ਜਾਰੀ ਹੈ, ਜਿਸ ਨਾਲ ਪੇਂਡੂ ਖੇਤਰਾਂ 'ਚ ਖੇਡਾਂ ਲਈ ਮਜ਼ਬੂਤ ਬੁਨਿਆਦ ਤਿਆਰ ਹੋਵੇਗੀ।

ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਸਰਕਾਰ ਦਾ ਮਕਸਦ ਸਿਰਫ਼ ਖੇਡ ਸਹੂਲਤਾਂ ਪ੍ਰਦਾਨ ਕਰਨਾ ਨਹੀਂ, ਸਗੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਉਨ੍ਹਾਂ ਦਾ ਰੁਝਾਨ ਖੇਡਾਂ ਵੱਲ ਮੋੜਨਾ ਵੀ ਹੈ। ਇਸ ਤੋਂ ਇਲਾਵਾ, ਖੇਡ ਢਾਂਚੇ ਦੇ ਵਿਕਾਸ ਬਾਰੇ ਗੱਲ ਕਰੀਏ ਤਾਂ ਜਲੰਧਰ ਨੂੰ ਪਹਿਲਾਂ ਹੀ ਇੱਕ ਖੇਡ ਧੁਰੇ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ। ਹੁਣ ਅੰਮ੍ਰਿਤਸਰ ਵਿਖੇ ਵੀ ਇੱਕ ਵਿਸ਼ਵ ਪੱਧਰੀ ਖੇਡ ਕੇਂਦਰ ਵਿਕਸਿਤ ਕੀਤਾ ਜਾ ਰਿਹਾ ਹੈ।

ਸਰਕਾਰ ਦੀ ਨਵੀਂ ਖੇਡ ਨੀਤੀ ਦੇ ਜ਼ਰੀਏ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲੇਗਾ। ਖੇਡ ਵਿਭਾਗ ਅਨੁਸਾਰ, ਹਰ ਸਟੇਡੀਅਮ ਵਿੱਚ ਆਧੁਨਿਕ ਖੇਡ ਉਪਕਰਣ, ਟਰੈਕ ਤੇ ਕੋਚਿੰਗ ਸਹੂਲਤਾਂ ਉਪਲਬਧ ਹੋਣਗੀਆਂ। ਇਸ ਨਾਲ ਪਿੰਡਾਂ ਦੇ ਬੱਚਿਆਂ ਤੇ ਨੌਜਵਾਨਾਂ ਨੂੰ ਆਪਣੇ ਘਰਾਂ ਦੇ ਨੇੜੇ ਹੀ ਖੇਡਾਂ ਵਿੱਚ ਹਿੱਸਾ ਲੈਣ ਦਾ ਮੌਕਾ ਮਿਲੇਗਾ।
 


author

Babita

Content Editor

Related News