ਲਾਪਤਾ ਹੋਈ ਸ਼ਰਧਾਲੂ ਨੂੰ ਫੌਰਨ ਭਾਰਤ ਭੇਜੇ ਪਾਕਿਸਤਾਨ ਸਰਕਾਰ : ਸਰਨਾ

Tuesday, Nov 18, 2025 - 12:23 AM (IST)

ਲਾਪਤਾ ਹੋਈ ਸ਼ਰਧਾਲੂ ਨੂੰ ਫੌਰਨ ਭਾਰਤ ਭੇਜੇ ਪਾਕਿਸਤਾਨ ਸਰਕਾਰ : ਸਰਨਾ

ਜਲੰਧਰ/ਨਵੀਂ ਦਿੱਲੀ, (ਅਰੋੜਾ)– ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਪੂਰਥਲਾ ਦੀ ਸ਼ਰਧਾਲੂ ਸਰਬਜੀਤ ਕੌਰ (52), ਜੋ ਪਾਕਿਸਤਾਨ ਤੋਂ ਸਿੱਖ ਜਥੇ ਨਾਲ ਵਾਪਸ ਨਹੀਂ ਆਈ, ਨੂੰ ਤੁਰੰਤ ਦੇਸ਼ ਨਿਕਾਲਾ ਦੇਣ ਦੀ ਪਾਕਿਸਤਾਨ ਸਰਕਾਰ ਕੋਲੋਂ ਮੰਗ ਕੀਤੀ ਹੈ। ਹੁਣ ਦੱਸਿਆ ਜਾ ਰਿਹਾ ਹੈ ਕਿ ਉਸ ਨੇ ਇਸਲਾਮ ਧਰਮ ਕਬੂਲ ਕਰ ਕੇ ਉੱਥੇ ਨਿਕਾਹ ਕਰਵਾ ਲਿਆ ਹੈ।

ਸਰਨਾ ਨੇ ਕਿਹਾ ਕਿ ਇਹ ਘਟਨਾ ਦੋਵਾਂ ਦੇਸ਼ਾਂ ਦੁਆਰਾ ਧਾਰਮਿਕ ਅਸਥਾਨ-ਯਾਤਰਾ ਪ੍ਰਬੰਧ ਤਹਿਤ ਸ਼ਰਧਾਲੂਆਂ ਦੀ ਆਵਾਜਾਈ ਦੀ ਨਿਗਰਾਨੀ ਦੀ ਗੰਭੀਰ ਕੋਤਾਹੀ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਜਥੇ ਦਾ ਇਕ ਰਜਿਸਟਰਡ ਮੈਂਬਰ ਆਪਣੇ-ਆਪ ਨੂੰ ਜਥੇ ਨਾਲੋਂ ਵੱਖ ਨਾ ਕਰ ਸਕੇ।

ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਰਿਪੋਰਟਾਂ ਵਿਚ ਇਕ ਨਿਕਾਹਨਾਮਾ ਦਿਖਾਇਆ ਜਾ ਰਿਹਾ ਹੈ, ਜਿਸ ਵਿਚ ਕਿ ਸਰਬਜੀਤ ਕੌਰ, ਜਿਸ ਦੀ ਪਛਾਣ ਹੁਣ ਨੂਰ ਹੁਸੈਨ ਵਜੋਂ ਕੀਤੀ ਗਈ ਹੈ, ਨੇ ਇਸਲਾਮ ਧਰਮ ਕਬੂਲ ਕਰਨ ਤੋਂ ਬਾਅਦ ਸ਼ੇਖੂਪੁਰਾ ਦੇ ਨਾਸਿਰ ਹੁਸੈਨ ਨਾਲ ਨਿਕਾਹ ਕਰਵਾ ਲਿਆ ਹੈ। ਇਹ ਮਾਮਲਾ ਅਧਿਕਾਰੀਆਂ ਵਿਚਕਾਰ ਨਿਯਮਤ ਆਦਾਨ-ਪ੍ਰਦਾਨ ਤੱਕ ਸੀਮਤ ਨਹੀਂ ਰਹਿ ਸਕਦਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਘਟਨਾਕ੍ਰਮ ਹਰ ਪ੍ਰਵਾਨਗੀ ਅਤੇ ਛੋਟ ਦੀ ਵਿਸਥਾਰਤ ਜਾਂਚ ਦੀ ਮੰਗ ਕਰਦਾ ਹੈ, ਜਿਸ ਨੇ ਉਸ ਨੂੰ ਯਾਤਰਾ ਕਰਨ ਦੇ ਯੋਗ ਬਣਾਇਆ। ਉਨ੍ਹਾਂ ਕਿਹਾ ਕਿ ਦੋਵਾਂ ਸਰਕਾਰਾਂ ਨੂੰ ਇਸ ਮਾਮਲੇ ’ਤੇ ਗੌਰ ਕਰਦਿਆਂ ਅੱਗੇ ਵਾਸਤੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣੀ ਚਾਹੀਦੀ ਹੈ।


author

Rakesh

Content Editor

Related News