ਕੈਨੇਡਾ ਦੇ ਪੀ. ਐੱਮ. ਨੇ ਫ਼ਿਲਹਾਲ ਕੋਰੋਨਾ ਟੀਕਾ ਲਵਾਉਣ ਤੋਂ ਕੀਤਾ ਇਨਕਾਰ, ਦੱਸੀ ਇਹ ਵਜ੍ਹਾ
Wednesday, Dec 16, 2020 - 12:38 PM (IST)
ਓਟਾਵਾ- ਕੈਨੇਡਾ, ਅਮਰੀਕਾ ਤੇ ਬ੍ਰਿਟੇਨ ਵਿਚ ਕੋਰੋਨਾ ਵੈਕਸੀਨ ਮੁਹਿੰਮ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਪਹਿਲਾਂ ਫਰੰਟ ਲਾਈਨ ਡਾਕਟਰਾਂ ਅਤੇ ਬਜ਼ੁਰਗਾਂ ਨੂੰ ਇਸ ਦੀ ਖੁਰਾਕ ਦਿੱਤੀ ਜਾਣ ਦੀ ਯੋਜਨਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿਚ ਕੋਰੋਨਾ ਵੈਕਸੀਨ ਦੀ ਪਹਿਲੀ ਖੇਪ ਪੁੱਜ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਨਰਸ ਨੂੰ ਇਸ ਦੀ ਪਹਿਲੀ ਡੋਜ਼ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਟੀਕੇ ਨੂੰ ਲੈ ਕੇ ਬਹੁਤ ਖੁਸ਼ ਹਨ ਪਰ ਕੋਰੋਨਾ ਵੈਕਸੀਨ ਲਗਵਾਉਣ ਦੀ ਪਹਿਲ ਵਧੇਰੇ ਜ਼ਰੂਰਤਮੰਦ ਲੋਕਾਂ ਨੂੰ ਹੈ। ਉਨ੍ਹਾਂ ਕਿਹਾ ਕਿ ਫਰੰਟ ਲਾਈਨ ਡਾਕਟਰਾਂ, ਸਟਾਫ਼ ਤੇ ਹੋਰ ਲੋਕਾਂ ਨੂੰ ਪਹਿਲ ਦੇ ਆਧਾਰ 'ਤੇ ਟੀਕਾ ਲਾਇਆ ਜਾਵੇਗਾ ਤੇ ਉਹ ਦੂਜੇ ਨੰਬਰ 'ਤੇ ਆਮ ਸਿਹਤਮੰਦ ਨਾਗਰਿਕਾਂ ਵਾਂਗ ਟੀਕਾ ਲਗਵਾਉਣਗੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ ਇਸ ਟੀਕੇ ਦੀ ਵਧੇਰੇ ਜ਼ਰੂਰਤ ਹੈ, ਪਹਿਲਾਂ ਉਨ੍ਹਾਂ ਨੂੰ ਹੀ ਇਹ ਟੀਕਾ ਲਗਾਇਆ ਜਾਣਾ ਚਾਹੀਦਾ ਹੈ।
ਦੱਸ ਦਈਏ ਕਿ ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰ ਟੋਰਾਂਟੋ ਵਿਚ ਬਜ਼ੁਰਗਾਂ ਦੇ ਨਰਸਿੰਗ ਹੋਮ ਰੇਕਾਈ ਸੈਂਟਰ ਵਿਚ ਕੰਮ ਕਰਨ ਵਾਲੀ ਨਰਸ ਅਨੀਤਾ ਕਵੇਦਜਨ ਨੂੰ ਸੋਮਵਾਰ ਨੂੰ ਫਾਈਜ਼ਰ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਗਈ। ਟੀਕਾ ਲਾਉਣ ਵਾਲੇ ਕਾਮਿਆਂ ਨੇ ਚਿੱਟੇ ਕੋਟ ਪਾਏ ਸਨ ਅਤੇ ਮਾਸਕ ਲਾਏ ਹੋਏ ਸਨ। ਟੀਕਾ ਲਗਾਏ ਜਾਣ ਦੇ ਬਾਅਦ ਉੱਥੇ ਮੌਜੂਦ ਸਿਹਤ ਕਾਮਿਆਂ ਨੇ ਤਾੜੀਆਂ ਵਜਾ ਕੇ ਨਰਸ ਦਾ ਸਵਾਗਤ ਕੀਤਾ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਭਾਵੇਂ ਕਿ ਦੇਸ਼ ਵਿਚ ਟੀਕਾਕਰਣ ਸ਼ੁਰੂ ਹੋ ਗਿਆ ਹੈ ਪਰ ਫਿਰ ਵੀ ਲੋਕਾਂ ਨੂੰ ਵਧੇਰੇ ਧਿਆਨ ਦੇਣ ਦੀ ਜ਼ਰੂਰਤ ਹੈ। ਇਸ ਤੋਂ ਪਹਿਲਾਂ ਨਿਊਯਾਰਕ ਸਿਟੀ ਵਿਚ ਇਕ ਨਰਸ ਨੂੰ ਸੋਮਵਾਰ ਸਵੇਰੇ ਫਾਈਜ਼ਰ-ਬਾਇਐਨਟੈਕ ਦੀ ਪਹਿਲੀ ਖੁਰਾਕ ਦਿੱਤੀ ਗਈ ਤੇ ਉਸ ਨੇ ਦੱਸਿਆ ਕਿ ਉਸ ਨੂੰ ਵਧੀਆ ਮਹਿਸੂਸ ਹੋ ਰਿਹਾ ਹੈ। ਇਕ ਸਰਵੇ ਵਿਚ ਇਹ ਵੀ ਪਤਾ ਲੱਗਾ ਹੈ ਕਿ ਵਧੇਰੇ ਅਮਰੀਕੀ ਨਾਗਰਿਕ ਕੋਰੋਨਾ ਦਾ ਵੈਕਸੀਨ ਲਗਵਾਉਣਾ ਹੀ ਨਹੀਂ ਚਾਹੁੰਦੇ। ਇਸੇ ਲਈ ਲੋਕਾਂ ਦਾ ਡਰ ਦੂਰ ਕਰਨ ਲਈ ਉੱਚ ਪ੍ਰਸ਼ਾਸਨਿਕ ਅਧਿਕਾਰੀ ਲੋਕਾਂ ਦੇ ਸਾਹਮਣੇ ਕੋਰੋਨਾ ਟੀਕਾ ਲਗਵਾਉਣਗੇ ਤਾਂ ਕਿ ਲੋਕਾਂ ਦੇ ਦਿਲਾਂ ਵਿਚੋਂ ਕੋਰੋਨਾ ਵੈਕਸੀਨ ਨੂੰ ਲੈ ਕੇ ਬਣਿਆ ਡਰ ਦੂਰ ਹੋਵੇ।