ਕ੍ਰਿਸਮਸ ਤੱਕ ਕੈਨੇਡਾ ''ਚ ਹੋ ਸਕਦੀਆਂ ਨੇ 15 ਹਜ਼ਾਰ ਮੌਤਾਂ, ਲੋਕਾਂ ਨੂੰ ਧਿਆਨ ਰੱਖਣ ਦੀ ਅਪੀਲ
Saturday, Dec 12, 2020 - 01:12 PM (IST)
ਓਟਾਵਾ- ਕੈਨੇਡਾ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ, ਜਿਸ ਕਾਰਨ ਮਾਹਰਾਂ ਨੇ ਚਿੰਤਾ ਪ੍ਰਗਟਾਈ ਹੈ ਕਿ ਕ੍ਰਿਸਮਸ ਤੱਕ ਇੱਥੇ ਹਾਲਾਤ ਹੋਰ ਵੀ ਖਰਾਬ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਜਿੰਨਾ ਕੁ ਉਨ੍ਹਾਂ ਦਾ ਅੰਦਾਜ਼ਾ ਹੈ ਕ੍ਰਿਸਮਸ ਤੱਕ ਦੇਸ਼ ਵਿਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 15 ਹਜ਼ਾਰ ਦੇ ਕਰੀਬ ਹੋ ਜਾਵੇਗੀ।
ਕੈਨੇਡਾ ਵਿਚ ਕ੍ਰਿਸਮਸ ਲਈ ਬਾਜ਼ਾਰ ਸਜੇ ਹੋਏ ਹਨ ਤੇ ਲੋਕ ਜ਼ੋਰਾਂ ਦੀ ਖਰੀਦਦਾਰੀ ਵਿਚ ਜੁਟੇ ਹਨ। ਰਾਸ਼ਟਰੀ ਮਾਡਲਿੰਗ ਮੁਤਾਬਕ ਕੈਨੇਡਾ ਵਿਚ ਕ੍ਰਿਸਮਸ ਤੱਕ ਕੋਰੋਨਾ ਮਾਮਲੇ 5,31,300 ਅਤੇ 5,77,000 ਵਿਚਕਾਰ ਹੋ ਜਾਣਗੇ ਅਤੇ ਕੋਰਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 14,920 ਹੋ ਜਾਵੇਗੀ ਜੋ ਤਕਰੀਬਨ 15 ਹਜ਼ਾਰ ਹੀ ਹੋਵੇਗੀ। ਗੰਭੀਰ ਸਥਿਤੀ ਵਾਲੇ ਲੋਕਾਂ ਨਾਲ ਹਸਪਤਾਲਾਂ ਦੇ ਬੈੱਡ ਭਰਨ ਵਾਲੇ ਹੀ ਹਨ। ਸੂਬੇ ਦੀ ਮੁੱਖ ਸਿਹਤ ਅਧਿਕਾਰੀ ਡਾ. ਥੈਰੇਸਾ ਟਾਮ ਨੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕ੍ਰਿਸਮਸ ਦੀਆਂ ਛੁੱਟੀਆਂ ਦੌਰਾਨ ਕੋਰੋਨਾ ਮਾਮਲੇ ਬਹੁਤ ਤੇਜ਼ੀ ਨਾਲ ਵਧਣਗੇ।
ਫੈਡਰਲ ਪ੍ਰਾਜੈਕਟ ਵਿਚ ਸਪੱਸ਼ਟ ਹੈ ਕਿ ਕੈਨੇਡਾ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਕੋਰੋਨਾ ਦੀ ਦੂਜੀ ਲਹਿਰ ਨੇ ਦੇਸ਼ ਵਿਚ ਕਾਫੀ ਤਬਾਹੀ ਮਚਾਈ ਹੈ। ਉਨ੍ਹਾਂ ਦੱਸਿਆ ਕਿ ਇਸ ਹਫਤੇ ਹਰ ਸੂਬੇ ਤੋਂ ਕੋਰੋਨਾ ਦੇ ਮਾਮਲੇ ਵੱਧ ਹੀ ਦਰਜ ਹੋਏ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅਗਲੇ ਦੋ ਹਫਤਿਆਂ ਵਿਚ ਵੀ ਕੋਰੋਨਾ ਦੇ ਮਾਮਲੇ ਵੱਧ ਹੀ ਦਰਜ ਹੋ ਸਕਦੇ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੇ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਧੇਰੇ ਸਾਵਧਾਨੀ ਵਰਤਣ ਤੇ ਇਕ-ਦੂਜੇ ਦੇ ਸੰਪਰਕ ਤੋਂ ਬਚਣ।