ਨਵੀਂ ਕੈਨੇਡੀਅਨ ਪੀੜ੍ਹੀ ਹੀ ਪੰਜਾਬੀ ਜ਼ੁਬਾਨ ਦਾ ਸੁਨਹਿਰੀ ਭਵਿੱਖ ਬਣੇਗੀ : ਸੁੱਖੀ ਬਾਠ
Tuesday, Jul 23, 2019 - 10:30 AM (IST)

ਨਿਊਯਾਰਕ/ ਸਰੀ (ਰਾਜ ਗੋਗਨਾ)— ਪਿਛਲੇ ਕੁਝ ਸਮੇਂ ਤੋਂ ਕੈਨੇਡੀਅਨ ਪੰਜਾਬੀ ਮਾਪਿਆਂ ਦੀ ਇੱਕ ਚਿੰਤਾ ਸੁਣਨ, ਪੜ੍ਹਨ ਨੂੰ ਮਿਲਦੀ ਆ ਰਹੀ ਹੈ ਕਿ ਨਵੀਂ ਪੰਜਾਬੀ ਪੀੜ੍ਹੀ ਆਪਣੀ ਬੋਲੀ, ਸਾਹਿਤ ਅਤੇ ਸਭਿਆਚਾਰ ਤੋਂ ਟੁੱਟਦੀ ਜਾ ਰਹੀ ਹੈ। ਇਸੇ ਫਿਕਰ ਨੂੰ ਸਮਝਦਿਆਂ ਪੰਜਾਬ ਭਵਨ ਸਰੀ ਵੱਲੋਂ ਯੰਗਿਸਤਾਨ ਕੈਲਗਰੀ ਦੇ ਸਹਿਯੋਗ ਨਾਲ ਇੱਕ ਵਿਲੱਖਣ ਪੇਸ਼ਕਾਰੀ ਦਾ ਆਯੋਜਨ ਕੀਤਾ ਗਿਆ। 'ਕੈਨੇਡੀਅਨ ਪੰਜਾਬੀ ਬਾਲ ਕਵਿਤਾ ਉਤਸਵ'”।
ਅਸੀਂ ਸਮਝਦੇ ਹਾਂ ਕਿ ਪੰਜਾਬੀ ਕਵਿਤਾ, ਗੀਤ ਜ਼ੁਬਾਨ ਉੱਤੇ ਆਉਣਗੇ ਤਾਂ ਬੱਚਿਆਂ ਦਾ ਪੰਜਾਬੀ ਪੜ੍ਹਨ ਅਤੇ ਲਿਖਣ ਨੂੰ ਵੀ ਜੀਅ ਕਰੇਗਾ। ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਤੋਂ ਆਏ ਬੱਚਿਆਂ ਦੀ ਉੱਤਮ ਪੇਸ਼ਕਾਰੀ ਦੇਖ, ਸੁਣ ਕੇ ਹੈਰਾਨੀ ਅਤੇ ਮਾਣ ਮਹਿਸੂਸ ਹੋ ਰਿਹਾ ਸੀ । ਅੰਗਰੇਜ਼ੀ ਪੜ੍ਹਨ, ਬੋਲਣ ਵਾਲੇ ਬੱਚਿਆਂ ਦੇ ਮੂੰਹੋਂ ਝਰਨਿਆਂ ਵਾਂਗ ਫੁੱਟਦੇ ਪੰਜਾਬੀ ਕਵਿਤਾਵਾਂ ਦੇ ਸ਼ਬਦ ਵਿਸਮਾਦੀ ਮਾਹੌਲ ਸਿਰਜ ਰਹੇ ਸਨ।
2 ਤੋਂ 12 ਗਰੇਡ ਤੱਕ ਦੇ ਬੱਚਿਆਂ ਦੇ ਮੂੰਹੋਂ ਸ਼ਿਵ ਕੁਮਾਰ, ਸੁਰਜੀਤ ਪਾਤਰ, ਬੁੱਲੇ ਸ਼ਾਹ, ਬਾਬੂ ਰਜਬ ਅਲੀ ਗੁਰਭਜਨ ਗਿੱਲ, ਗੁਰਮਿੰਦਰ ਸਿੱਧੂ, ਕਵਿੰਦਰ ਚਾਂਦ ਦੀਆਂ ਰਚਨਾਵਾਂ ਦੀ ਅਲੌਕਿਕ ਪੇਸ਼ਕਾਰੀ ਨੇ ਖਚਾਖਚ ਭਰੇ ਹਾਲ ਵਿੱਚ ਸਰੋਤਿਆਂ ਨੂੰ ਮੰਤਰ ਮੁਗਧ ਕਰੀ ਰੱਖਿਆ। ਇਹਨਾਂ ਬੱਚਿਆਂ ਦੀ ਲਗਨ ਦੇਖ ਕੇ ਇਹ ਗੱਲ ਬੜੇ ਯਕੀਨ ਨਾਲ ਆਖੀ ਜਾ ਸਕਦੀ ਹੈ ਕਿ ਸਾਡੀ ਨਵੀਂ ਕੈਨੇਡੀਅਨ ਪੰਜਾਬੀ ਪੀੜ੍ਹੀ ਹੀ ਪ੍ਰਦੂਸ਼ਿਤ ਗਾਇਕੀ, ਗੀਤਕਾਰੀ ਦਾ ਬਦਲ ਪੇਸ਼ ਕਰੇਗੀ ।
ਪੰਜਾਬ ਭਵਨ ਸਰੀ ਇਹ ਮਹਿਸੂਸ ਕਰਦਾ ਹੈ ਕਿ ਇਸ ਸ਼ੂਰੂਆਤ ਨੂੰ ਇੱਕ ਲਹਿਰ ਦੇ ਰੂਪ ਵਿੱਚ ਵਿਕਸਿਤ ਕੀਤਾ ਜਾਵੇ ਕਿਉਂਕਿ ਇਹੋ ਸਾਡੀਆਂ ਪੰਜਾਬੀ ਮਾਪਿਆਂ ਦੀਆਂ ਨਵੀਂ ਪੀੜ੍ਹੀ ਬਾਰੇ ਚਿੰਤਾਵਾਂ ਦਾ ਸਦੀਵੀ ਹੱਲ ਹੋ ਸਕਦਾ ਹੈ। ਸ੍ਰੀ ਸੁੱਖੀ ਬਾਠ ਨੇ ਅੱਜ ਦੇ ਆਯੋਜਨ ਨੂੰ ਇਤਿਹਾਸਕ ਦੱਸਦਿਆਂ ਇਸਨੂੰ ਤਪਦੇ ਮਨਾਂ ਲਈ ਠੰਡੀ ਪੌਣ ਦਾ ਇੱਕ ਬੁੱਲਾ ਦੱਸਿਆ ਅਤੇ ਏਦਾਂ ਦੇ ਪ੍ਰੋਗਰਾਮ ਹੋਰ ਵੀ ਵੱਡੇ ਪੱਧਰ ਤੇ ਉਲੀਕਣ ਦਾ ਵਾਅਦਾ ਕੀਤਾ।