ਇਰਾਕ 'ਚ ਆਸਟ੍ਰੇਲੀਆਈ ਜਵਾਨਾਂ ਦੀ ਮੁਹਿੰਮ ਰਹੇਗੀ ਜਾਰੀ

01/09/2020 1:22:03 PM

ਕੈਨਬਰਾ— ਆਸਟ੍ਰੇਲੀਆ ਨੇ ਇਰਾਕ 'ਚ ਅਮਰੀਕੀ ਅਤੇ ਗਠਜੋੜ ਫੌਜ 'ਤੇ ਹੋਏ ਈਰਾਨ ਦੇ ਮਿਜ਼ਾਇਲ ਹਮਲਿਆਂ ਦੇ ਬਾਵਜੂਦ ਕਿਹਾ ਕਿ ਬਗਦਾਦ 'ਚ ਮੌਜੂਦ ਇਸ ਦੇ ਜਵਾਨ ਆਪਣੀਆਂ ਮੁਹਿੰਮਾਂ ਨੂੰ ਲੈ ਕੇ ਵਚਨਬੱਧ ਹਨ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਵੀਰਵਾਰ ਨੂੰ ਇਹ ਐਲਾਨ ਕਰਦੇ ਹੋਏ ਕਿਹਾ ਕਿ ਇਰਾਕ 'ਚ ਮੌਜੂਦ ਆਸਟ੍ਰੇਲੀਆਈ ਜਵਾਨਾਂ ਦੀ ਮੁਹਿੰਮ ਜਾਰੀ ਰਹੇਗੀ। ਪਿਛਲੇ ਸ਼ੁੱਕਰਵਾਰ ਨੂੰ ਇਰਾਕੀ ਰਾਜਧਾਨੀ ਬਗਦਾਦ 'ਚ ਅਮਰੀਕੀ ਡਰੋਨ ਹਮਲੇ 'ਚ ਈਰਾਨੀ ਫੌਜ ਦੇ ਉੱਚ ਕਮਾਂਡਰ ਮੇਜਰ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਦੇ ਬਦਲੇ 'ਚ ਮੰਗਲਵਾਰ ਦੀ ਰਾਤ ਈਰਾਨ ਦੀ ਫੌਜ ਨੇ ਇਰਾਕ ਸਥਿਤ ਅਮਰੀਕਾ ਅਤੇ ਗਠਜੋੜ ਫੌਜ ਜਿਸ 'ਚ ਆਸਟ੍ਰੇਲੀਆ ਵੀ ਸ਼ਾਮਲ ਹੈ, ਦੇ ਦੋ ਫੌਜੀ ਟਿਕਾਣਿਆਂ 'ਤੇ ਕਈ ਬੈਲਿਸਟਿਕ ਮਿਜ਼ਾਇਲਾਂ ਨਾਲ ਹਮਲਾ ਕੀਤਾ।
ਇਨ੍ਹਾਂ ਹਮਲਿਆਂ 'ਚ ਕੋਈ ਅਮਰੀਕੀ ਜਾਂ ਇਰਾਕੀ ਨਾਗਰਿਕ ਜ਼ਖਮੀ ਨਹੀਂ ਹੋਇਆ। ਇਨ੍ਹਾਂ ਹਮਲਿਆਂ ਦੇ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ 'ਤੇ ਹੋਰ ਆਰਥਿਕ ਰੋਕ ਲਗਾਉਣ ਦੀ ਘੋਸ਼ਣਾ ਕੀਤੀ। ਮੌਰੀਸਨ ਨੇ ਕਿਹਾ,''ਸਾਡਾ ਟੀਚਾ ਇਕਜੁੱਟ ਅਤੇ ਸਥਿਰ ਇਰਾਕ ਰਿਹਾ ਹੈ ਅਤੇ ਸਾਡੀਆਂ ਕੋਸ਼ਿਸ਼ਾਂ ਦਾ ਫੋਕਸ ਅੱਤਵਾਦੀ ਸੰਗਠਨ ਇਸਲਾਮਕ ਸਟੇਟ ਨਾਲ ਜੁੜੇ ਦਾਇਸ਼ ਅਤੇ ਇਸ ਦੇ ਸਮਰਥਕ ਨੈੱਟਵਰਕ ਦੇ ਖਿਲਾਫ ਮੁਕਾਬਲੇ 'ਤੇ ਹੈ... ਅਸੀਂ ਇਸ ਮਹੱਤਵਪੂਰਣ ਕੰਮ ਨੂੰ ਕਰਨ ਲਈ ਵਚਨਬੱਧ ਹਾਂ।'' ਪ੍ਰਧਾਨ ਮੰਤਰੀ ਨੇ ਅਮਰੀਕਾ ਅਤੇ ਈਰਾਨ  ਨੂੰ ਤਣਾਅ ਘੱਟ ਕਰਨ ਅਤੇ ਸੰਜਮ ਵਰਤਣ ਦੀ ਵੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਇਰਾਕ 'ਚ ਤਾਇਨਾਤ ਗਠਜੋੜ ਫੌਜ 'ਚ ਆਸਟ੍ਰੇਲੀਆ ਦੇ 300 ਜਵਾਨ ਸ਼ਾਮਲ ਹਨ ਜਦਕਿ ਅਮਰੀਕਾ ਦੇ 5200 ਜਵਾਨ ਉੱਥੇ ਤਾਇਨਾਤ ਹਨ।


Related News