ਦੀਵਾਲੀ ਨੂੰ ਸਰਕਾਰੀ ਛੁੱਟੀ ਐਲਾਨਣ ਵਾਲਾ ਤੀਜਾ ਅਮਰੀਕੀ ਰਾਜ ਬਣਿਆ ਕੈਲੀਫੋਰਨੀਆ
Thursday, Oct 09, 2025 - 11:07 AM (IST)

ਨਿਊਯਾਰਕ (ਰਾਜ ਗੋਗਨਾ)- ਭਾਰਤੀ ਪ੍ਰਵਾਸੀਆਂ ਲਈ ਇੱਕ ਇਤਿਹਾਸਕ ਘਟਨਾਕ੍ਰਮ ਵਿੱਚ, ਕੈਲੀਫੋਰਨੀਆ ਨੇ ਦੀਵਾਲੀ 'ਤੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ। ਇਸ ਨਾਲ ਕੈਲੀਫੋਰਨੀਆ ਅਮਰੀਕਾ ਦਾ ਤੀਜਾ ਰਾਜ ਬਣ ਗਿਆ ਹੈ ਜਿਸਨੇ ਇਸ ਭਾਰਤੀ ਤਿਉਹਾਰ ਨੂੰ ਅਧਿਕਾਰਤ ਤੌਰ 'ਤੇ ਮਾਨਤਾ ਦਿੱਤੀ ਹੈ। ਕੈਲੀਫੋਰਨੀਆ ਵਿੱਚ 10 ਲੱਖ ਤੋਂ ਵੱਧ ਭਾਰਤੀ ਰਹਿੰਦੇ ਹਨ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਨੇ ਅਸੈਂਬਲੀ ਮੈਂਬਰ ਐਸ਼ ਕਾਲਰਾ ਦੁਆਰਾ ਦੀਵਾਲੀ ਨੂੰ ਸਰਕਾਰੀ ਛੁੱਟੀ ਐਲਾਣਨ ਵਾਲੇ ਬਿੱਲ 'ਤੇ ਦਸਤਖਤ ਕੀਤੇ ਹਨ। ਏ.ਬੀ 268 ਸਿਰਲੇਖ ਵਾਲਾ ਇਹ ਬਿੱਲ ਸਤੰਬਰ ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਕਾਂਗਰਸ ਦੇ ਦੋਵਾਂ ਸਦਨਾਂ ਵਿੱਚ ਸਫਲਤਾਪੂਰਵਕ ਪਾਸ ਹੋ ਗਿਆ ਸੀ। ਹੁਣ ਇਸਨੂੰ ਗਵਰਨਰ ਤੋਂ ਅੰਤਿਮ ਪ੍ਰਵਾਨਗੀ ਦੀ ਉਡੀਕ ਹੈ।
ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਦੀਵਾਲੀ ਨੂੰ ਕੈਲੀਫੋਰਨੀਆ ਵਿੱਚ ਇੱਕ ਅਜਿਹੇ ਸਮੇਂ ਵਿੱਚ ਸਰਕਾਰੀ ਛੁੱਟੀ ਘੋਸ਼ਿਤ ਕੀਤਾ ਗਿਆ ਹੈ, ਜਦੋਂ ਟਰੰਪ ਪ੍ਰਵਾਸੀ ਵਿਰੋਧੀ ਮੁਹਿੰਮ ਚਲਾ ਰਹੇ ਹਨ। ਕੈਲੀਫੋਰਨੀਆ ਨੂੰ ਅਮਰੀਕਾ ਵਿੱਚ ਭਾਰਤੀਆਂ ਦਾ ਦੂਜਾ ਘਰ ਮੰਨਿਆ ਜਾਂਦਾ ਹੈ। ਗਵਰਨਰ ਵੱਲੋਂ ਬਿੱਲ 'ਤੇ ਦਸਤਖਤ ਕਰਨ ਨਾਲ 10 ਲੱਖ ਤੋਂ ਵੱਧ ਭਾਰਤੀਆਂ 'ਚ ਖੁਸ਼ੀ ਪਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ਪੈਨਸਿਲਵੇਨੀਆ 2024 ਵਿੱਚ ਦੀਵਾਲੀ ਨੂੰ ਸਰਕਾਰੀ ਛੁੱਟੀ ਘੋਸ਼ਿਤ ਕਰਨ ਵਾਲਾ ਪਹਿਲਾ ਰਾਜ ਬਣਿਆ ਸੀ। ਉਸ ਤੋਂ ਬਾਅਦ, ਕਨੈਕਟੀਕਟ ਨੇ ਦੀਵਾਲੀ ਨੂੰ ਸਰਕਾਰੀ ਛੁੱਟੀ ਘੋਸ਼ਿਤ ਕੀਤੀ ਹੈ। ਇਨ੍ਹਾਂ ਦੋਵਾਂ ਰਾਜਾਂ ਵਿੱਚ ਵੀ ਭਾਰਤੀ ਆਬਾਦੀ ਕਾਫ਼ੀ ਜ਼ਿਆਦਾ ਹੈ। ਇਸ ਤੋਂ ਇਲਾਵਾ, ਨਿਊਯਾਰਕ ਦੇ ਪਬਲਿਕ ਸਕੂਲਾਂ ਵਿੱਚ ਦੀਵਾਲੀ ਦੌਰਾਨ ਛੁੱਟੀਆਂ ਦਾ ਐਲਾਨ ਕੀਤਾ ਗਿਆ।