ਸ਼ਟਡਾਊਨ ਹੋ ਗਈ ਅਮਰੀਕੀ ਸਰਕਾਰ ! 6 ਸਾਲਾਂ ''ਚ ਪਹਿਲੀ ਵਾਰ ਹੋਇਆ ਅਜਿਹਾ
Wednesday, Oct 01, 2025 - 10:32 AM (IST)

ਇੰਟਰਨੈਸ਼ਨਲ ਡੈਸਕ- ਬੀਤੀ ਅੱਧੀ ਰਾਤੀਂ ਅਮਰੀਕਾ ਵਿੱਚ ਫੈਡਰਲ ਸਰਕਾਰ ਅਧਿਕਾਰਤ ਤੌਰ 'ਤੇ 'ਸ਼ਟਡਾਊਨ' ਹੋ ਗਈ ਕਿਉਂਕਿ ਕਾਂਗਰਸ ਫੰਡਿੰਗ ਯੋਜਨਾ 'ਤੇ ਸਹਿਮਤ ਨਹੀਂ ਹੋ ਸਕੀ। ਇਹ 2019 ਤੋਂ ਬਾਅਦ ਪਹਿਲੀ ਵਾਰ ਹੈ, ਜਦੋਂ ਅਮਰੀਕਾ ਦੀ ਸਰਕਾਰ ਸ਼ਟਡਾਊਨ (ਬੰਦ) ਹੋਈ ਹੈ।
ਰਿਪਬਲਿਕਨ ਮੌਜੂਦਾ ਫੰਡਿੰਗ ਨੂੰ ਸੱਤ ਹੋਰ ਹਫ਼ਤਿਆਂ ਲਈ ਵਧਾਉਣਾ ਚਾਹੁੰਦੇ ਹਨ, ਪਰ ਡੈਮੋਕ੍ਰੇਟਸ ਦਾ ਕਹਿਣਾ ਹੈ ਕਿ ਉਹ ਉਦੋਂ ਤੱਕ ਸਹਿਮਤ ਨਹੀਂ ਹੋਣਗੇ ਜਦੋਂ ਤੱਕ ਵੱਡੇ ਬਦਲਾਅ ਨਹੀਂ ਕੀਤੇ ਜਾਂਦੇ। ਡੈਮੋਕ੍ਰੇਟਿਕ ਨੇਤਾ ਹਕੀਮ ਜੈਫਰੀਜ਼ ਅਤੇ ਚੱਕ ਸ਼ੂਮਰ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰਿਪਬਲਿਕਨਾਂ ਨੂੰ ਦੋਸ਼ੀ ਠਹਿਰਾਉਂਦੇ ਹੋਏ ਕਿਹਾ ਕਿ ਉਹ ਅਮਰੀਕੀਆਂ ਲਈ ਜ਼ਿੰਦਗੀ ਨੂੰ ਔਖਾ ਬਣਾ ਰਹੇ ਹਨ ਅਤੇ ਹੁਣ ਸਰਕਾਰ ਨੂੰ ਬੰਦ ਕਰਕੇ ਸਿਹਤ ਸੰਭਾਲ ਨੂੰ ਜੋਖਮ ਵਿੱਚ ਪਾ ਰਹੇ ਹਨ।
ਸ਼ਟਡਾਊਨ ਦੇ ਕਾਰਨ ਲੱਖਾਂ ਫੈਡਰਲ ਕਰਮਚਾਰੀਆਂ ਦੀ ਜਾਂ ਤਾਂ ਛੁੱਟੀ ਹੋ ਜਾਵੇਗੀ ਜਾਂ ਮੁੱਦਾ ਹੱਲ ਹੋਣ ਤੱਕ ਉਹ ਬਿਨਾਂ ਤਨਖਾਹ ਦੇ ਕੰਮ ਕਰਨਾ ਜਾਰੀ ਰੱਖਣਗੇ। ਕੁਝ ਕਰਮਚਾਰੀਆਂ ਨੂੰ ਅਜੇ ਵੀ ਤਨਖਾਹ ਮਿਲੇਗੀ ਕਿਉਂਕਿ ਉਨ੍ਹਾਂ ਦੀਆਂ ਨੌਕਰੀਆਂ ਸਿੱਧੇ ਤੌਰ 'ਤੇ ਕਾਂਗਰਸ ਦੇ ਸਾਲਾਨਾ ਬਜਟ ਨਾਲ ਨਹੀਂ ਜੁੜੀਆਂ।
ਹਾਲਾਂਕਿ ਇਸ ਸ਼ਟਡਾਊਨ ਦੌਰਾਨ ਜ਼ਰੂਰੀ ਸੇਵਾਵਾਂ, ਜਿਵੇਂ ਕਿ ਮੈਡੀਕਲ ਸੇਵਾਵਾਂ ਖੁੱਲ੍ਹੀਆਂ ਰਹਿਣਗੀਆਂ। ਪਰ ਹੋਰ ਮਹੱਤਵਪੂਰਨ ਕੰਮ, ਜਿਵੇਂ ਕਿ ਇਮੀਗ੍ਰੇਸ਼ਨ ਅਤੇ ਛੋਟੇ ਕਾਰੋਬਾਰਾਂ ਅਤੇ ਘਰ ਖਰੀਦਦਾਰਾਂ ਲਈ ਕਰਜ਼ੇ ਮਿਲਣ 'ਚ ਦੇਰੀ ਹੋ ਸਕਦੀ ਹੈ। ਸੈਨੇਟ ਵੱਲੋਂ ਭਲਕੇ ਰਿਪਬਲਿਕਨ ਫੰਡਿੰਗ ਯੋਜਨਾ 'ਤੇ ਦੁਬਾਰਾ ਵੋਟ ਪਾਉਣ ਦੀ ਉਮੀਦ ਹੈ, ਪਰ ਇਹ ਸਪੱਸ਼ਟ ਨਹੀਂ ਹੈ ਕਿ ਇਹ ਬੰਦ ਕਿੰਨਾ ਸਮਾਂ ਰਹੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e