''''ਅਮਰੀਕੀ ਫੌਜ ’ਚ ਦਾੜ੍ਹੀ-ਕੇਸ ਕਟਵਾਉਣ ਸਬੰਧੀ ਨਾ ਕੀਤਾ ਜਾਵੇ ਗਲਤ ਪ੍ਰਚਾਰ'''' ; ਸਿੱਖਸ ਆਫ਼ ਅਮੈਰਿਕਾ
Wednesday, Oct 08, 2025 - 11:29 AM (IST)

ਵਾਸ਼ਿੰਗਟਨ ਡੀ.ਸੀ. (ਰਾਜ ਗੋਗਨਾ)- ਅਮਰੀਕੀ ਫੌਜ ਸਬੰਧੀ ਮੀਡੀਆ ਵਿੱਚ ਖ਼ਬਰਾਂ ਆ ਰਹੀਆਂ ਹਨ ਕਿ ਸਿੱਖਾਂ ਨੂੰ ਹੁਕਮ ਕਰ ਦਿੱਤੇ ਗਏ ਹਨ ਕਿ ਉਹ ਆਪਣੀ ਦਾੜ੍ਹੀ ਤੇ ਕੇਸ ਕਟਵਾ ਲੈਣ। ਇਨ੍ਹਾਂ ਅਫ਼ਵਾਹਾਂ ਦਾ ਖੰਡਨ ਕਰਦਿਆਂ ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਰਤੀ ਸਿਆਸਤਦਾਨ ਖਾਸਕਰ ਸਿੱਖ ਸਿਆਸਤਦਾਨ ਇਸ ਸੱਚਾਈ ਤੋਂ ਅਣਜਾਣ ਹਨ ਅਤੇ ਇਸ ਮਾਮਲੇ ਦਾ ਗਲਤ ਪ੍ਰਚਾਰ ਹੀ ਕਰੀ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਟਰੰਪ ਪ੍ਰਸ਼ਾਸਨ ਹਮੇਸ਼ਾ ਹੀ ਹਰ ਧਰਮ ਦਾ ਸਤਿਕਾਰ ਕਰਦਾ ਆਇਆ ਹੈ ਅਤੇ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਸੱਚ ਹੈ ਕਿ ਅਮਰੀਕੀ ਰੱਖਿਆ ਸਕੱਤਰ (ਸੈਕ੍ਰਟਰੀ ਆਫ ਡਿਫੈਂਸ) ਪੀਟ ਹੈਗਸੇਠ ਨੇ ਇਹ ਹੁਕਮ ਦਿੱਤੇ ਸਨ ਕਿ ਅਮਰੀਕੀ ਫੌਜ ਵਿਚ ਵਿੱਚ ਹੁਣ ਲੰਬੇ ਵਾਲ ਅਤੇ ਦਾੜੀ ਨਹੀਂ ਰੱਖੇ ਜਾ ਸਕਣਗੇ। ਪਰ ਇਸ ਦਾ ਦੂਜਾ ਪੱਖ ਇਹ ਵੀ ਹੈ ਕਿ ਉਨ੍ਹਾਂ ਇਹ ਵੀ ਬਿਆਨ ਦਿੱਤਾ ਕਿ ਜਿਸ ਕਿਸੇ ਦੇ ਵੀ ਧਰਮ ਵਿੱਚ ਦਾੜ੍ਹੀ ਅਤੇ ਕੇਸ ਰੱਖਣੇ ਜ਼ਰੂਰੀ ਹਨ ਉਹ ਕੇਸ ਬਾਈ ਕੇਸ ਉਸ ਨੂੰ ਇਨ੍ਹਾਂ ਹੁਕਮਾਂ ਤੋਂ ਛੋਟ ਦੇਣਗੇ। ਇਹ ਛੋਟ ਲੈਣ ਲਈ ਉਸ ਫੌਜੀ ਨੂੰ ਇਹ ਸਾਬਤ ਕਰਨਾ ਪਵੇਗਾ ਕਿ ਉਸ ਦੇ ਧਰਮ ਵਿਚ ਦਾੜ੍ਹੀ ਰੱਖਣੀ ਜ਼ਰੂਰੀ ਹੈ।
ਇਹ ਵੀ ਪੜ੍ਹੋ- ਸਟੂਡੈਂਟ ਵੀਜ਼ਾ 'ਤੇ ਕੈਨੇਡਾ ਗਏ ਪੰਜਾਬੀ ਨੌਜਵਾਨ ਨੂੰ ਹੋਈ 11 ਸਾਲ ਦੀ ਕੈਦ ! ਕਾਰਾ ਜਾਣ ਰਹਿ ਜਾਓਗੇ ਹੈਰਾਨ
ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਪੰਜਾਬ ’ਚ ਬੈਠੇ ਸਿੱਖ ਸਿਆਸਤਦਾਨਾਂ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਹੁਕਮਾਂ ਬਾਰੇ ਦੁਬਾਰਾ ਪੜਤਾਲ ਕਰਨ ਅਤੇ ਉਹ ਉਹੀ ਬਿਆਨ ਦੇਣ ਜਿਸ ਨਾਲ ਕਿ ਦੋਵਾਂ ਦੇਸ਼ਾਂ ਵਿਚ ਕੋਈ ਕੁੜੱਤਣ ਨਾ ਪੈਦਾ ਹੋਵੇ ਸਗੋਂ ਆਪਸੀ ਪਿਆਰ-ਸਤਿਕਾਰ ਵਧੇ। ਉਨ੍ਹਾਂ ਕਿਹਾ ਕਿ ਅਮਰੀਕੀ ਫੌਜ ਦੁਨੀਆਂ ਦੀ ਸਭ ਤੋਂ ਸ਼ਕਤੀਸ਼ਾਲੀ ਫੌਜ ਹੈ ਤੇ ਇਸ ਦੇ ਰੂਲ-ਅਸੂਲ ਬਾਕੀ ਦੁਨੀਆਂ ਨਾਲੋਂ ਵੱਖਰੇ ਹਨ, ਪਰ ਫਿਰ ਵੀ ਉਨ੍ਹਾਂ ਧਰਮ ਦਾ ਸਤਿਕਾਰ ਕਰਦਿਆਂ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਇਨ੍ਹਾਂ ਹੁਕਮਾਂ ਤੋਂ ਛੋਟ ਦੇਣ ਦਾ ਐਲਾਨ ਕੀਤਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e