''ਜੇ ਸਮਾਨ ਵੇਚਣਾ ਤਾਂ ਮੰਨਣੀਆਂ ਪੈਣਗੀਆਂ ਟਰੰਪ ਦੀਆਂ ਸ਼ਰਤਾਂ'', ਅਮਰੀਕੀ ਮੰਤਰੀ ਦੀ ਭਾਰਤ ਨੂੰ ਇਕ ਹੋਰ ਚਿਤਾਵਨੀ
Monday, Sep 29, 2025 - 10:41 AM (IST)

ਵਾਸ਼ਿੰਗਟਨ (ਇੰਟ.)- ਅਮਰੀਕਾ ਦੇ ਵਣਜ ਮੰਤਰੀ ਹਾਵਰਡ ਲੂਟਨਿਕ ਨੇ ਐਤਵਾਰ ਨੂੰ ਇਕ ਇੰਟਰਵਿਊ ’ਚ ਕਿਹਾ ਕਿ ਉਨ੍ਹਾਂ ਨੇ ਭਾਰਤ ਸਮੇਤ ਕਈ ਦੇਸ਼ਾਂ ਨੂੰ ਦਰੁਸਤ ਕਰਨਾ ਹੈ। ਇਨ੍ਹਾਂ ’ਚ ਸਵਿਟਜ਼ਰਲੈਂਡ ਅਤੇ ਬ੍ਰਾਜ਼ੀਲ ਸ਼ਾਮਲ ਹਨ। ਲੂਟਨਿਕ ਨੇ ਚਿਤਾਵਨੀ ਦਿੱਤੀ ਕਿ ਇਹ ਦੇਸ਼ ਆਪਣੇ ਬਾਜ਼ਾਰ ਖੋਲ੍ਹਣ ਅਤੇ ਅਜਿਹੇ ਕਦਮ ਨਾ ਚੁੱਕਣ, ਜਿਨ੍ਹਾਂ ਨਾਲ ਅਮਰੀਕਾ ਨੂੰ ਨੁਕਸਾਨ ਹੋਵੇ, ਇਸੇ ਕਾਰਨ ਸਾਡੇ ਸਬੰਧਾਂ ’ਚ ਰੁਕਾਵਟ ਆ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਭਾਰਤ ਅਮਰੀਕਾ ’ਚ ਸਾਮਾਨ ਵੇਚਣਾ ਚਾਹੁੰਦਾ ਹੈ ਤਾਂ ਉਸ ਨੂੰ ਟਰੰਪ ਪ੍ਰਸ਼ਾਸਨ ਦੀਆਂ ਸ਼ਰਤਾਂ ਮੰਨਣੀਆਂ ਪੈਣਗੀਆਂ। ਅਮਰੀਕੀ ਮੰਤਰੀ ਨੇ ਭਾਰਤ ਨੂੰ ਸਹੀ ਢੰਗ ਨਾਲ ਰਿਐਕਟ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਮੁੱਦੇ ਸਮੇਂ ਦੇ ਨਾਲ ਹੱਲ ਹੋ ਜਾਣਗੇ ਪਰ ਜੇ ਤੁਸੀਂ ਅਮਰੀਕੀ ਖਪਤਕਾਰਾਂ ਨੂੰ ਆਪਣਾ ਸਾਮਾਨ ਵੇਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਅਮਰੀਕੀ ਰਾਸ਼ਟਰਪਤੀ ਨਾਲ ਤਾਲਮੇਲ ਕਰਨਾ ਪਵੇਗਾ।
ਭਾਰਤ-ਅਮਰੀਕਾ ’ਚ ਟਰੇਡ ਡੀਲ ਜਲਦ ਕਰਨ ਲਈ ਗੱਲਬਾਤ ਜਾਰੀ
22 ਤੋਂ 24 ਸਤੰਬਰ ਦੇ ਵਿਚਾਲੇ ਭਾਰਤ ਦੇ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਦੀ ਅਗਵਾਈ ਵਿਚ ਇਕ ਉੱਚ-ਪੱਧਰੀ ਭਾਰਤੀ ਵਫ਼ਦ ਅਮਰੀਕਾ ਗਿਆ ਸੀ। ਇਸ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਵਪਾਰ ਸਮਝੌਤਿਆਂ ਅਤੇ ਨਿਵੇਸ਼ ਨੂੰ ਲੈ ਕੇ ਅਹਿਮ ਗੱਲਬਾਤ ਹੋਈ। ਵਣਜ ਮੰਤਰਾਲੇ ਦੇ ਅਨੁਸਾਰ ਪਿਊਸ਼ ਗੋਇਲ ਨੇ ਅਮਰੀਕੀ ਟਰੇਡ ਪ੍ਰਤੀਨਿਧੀ ਜੈਮੀਸਨ ਗ੍ਰੀਅਰ ਅਤੇ ਭਾਰਤ ਲਈ ਨਾਮਜ਼ਦ ਅਮਰੀਕੀ ਰਾਜਦੂਤ ਸਰਜੀਓ ਗੋਰ ਨਾਲ ਮੁਲਾਕਾਤ ਕੀਤੀ। ਦੋਵਾਂ ਦੇਸ਼ਾਂ ਨੇ ਮੰਨਿਆ ਕਿ ਵਪਾਰ ਸਮਝੌਤੇ ਨੂੰ ਤੇਜ਼ੀ ਨਾਲ ਪੂਰਾ ਕਰਨ ਲਈ ਗੱਲਬਾਤ ਜਾਰੀ ਰੱਖੀ ਜਾਵੇਗੀ ਤਾਂ ਕਿ ਇਹ ਦੋਵਾਂ ਦੇਸ਼ਾਂ ਲਈ ਲਾਭਦਾਇਕ ਸਾਬਤ ਹੋਵੇ।
ਟੈਰਿਫ ਹਟਾਉਣ ਲਈ 3 ਸ਼ਰਤਾਂ ਰੱਖ ਚੁੱਕੇ ਹਨ ਲੂਟਨਿਕ
ਲੂਟਨਿਕ ਨੇ 5 ਸਤੰਬਰ ਨੂੰ ਭਾਰਤ ’ਤੇ 25 ਫੀਸਦੀ ਵਾਧੂ ਟੈਰਿਫ ਹਟਾਉਣ ਲਈ 3 ਸ਼ਰਤਾਂ ਰੱਖੀਆਂ ਸਨ। ਉਨ੍ਹਾਂ ਕਿਹਾ ਸੀ ਕਿ ਭਾਰਤ ਨੂੰ ਰੂਸ ਤੋਂ ਤੇਲ ਖਰੀਦਣਾ ਬੰਦ ਕਰਨਾ ਪਵੇਗਾ, ਬ੍ਰਿਕਸ ਤੋਂ ਹਟਣਾ ਪਵੇਗਾ ਅਤੇ ਅਮਰੀਕਾ ਦਾ ਸਮਰਥਨ ਕਰਨਾ ਪਵੇਗਾ। ਉਨ੍ਹਾਂ ਇਹ ਵੀ ਕਿਹਾ ਸੀ ਕਿ ਇਕ-ਦੋ ਮਹੀਨਿਆਂ ’ਚ ਭਾਰਤ ਟਰੰਪ ਨਾਲ ਗੱਲਬਾਤ ਦੇ ਟੇਬਲ ’ਤੇ ਆਵੇਗਾ ਅਤੇ ਮੁਆਫ਼ੀ ਮੰਗੇਗਾ। ਲੂਟਨਿਕ ਦੇ ਅਨੁਸਾਰ ਭਾਰਤ ਟਰੰਪ ਨਾਲ ਨਵਾਂ ਸੌਦਾ ਕਰਨ ਦੀ ਕੋਸ਼ਿਸ਼ ਕਰੇਗਾ। ਇਹ ਸੌਦਾ ਟਰੰਪ ਦੀਆਂ ਸ਼ਰਤਾਂ ’ਤੇ ਹੋਵੇਗਾ ਅਤੇ ਉਹ ਇਸ ਨੂੰ ਪ੍ਰਧਾਨ ਮੰਤਰੀ ਮੋਦੀ ਨਾਲ ਅੰਤਿਮ ਰੂਪ ਦੇਣਗੇ।