ਕੈਲੀਫੋਰਨੀਆ : ਜੰਗਲੀ ਅੱਗਾਂ ਕਾਰਨ ਅਧਿਕਾਰੀਆਂ ਨੇ ਕੀਤਾ ਸਿਕੋਆ ਨੈਸ਼ਨਲ ਪਾਰਕ ਦਾ ਦੌਰਾ
Thursday, Oct 14, 2021 - 09:15 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਕੈਲੀਫੋਰਨੀਆ ’ਚ ਕੇ. ਐੱਨ. ਪੀ. ਕੰਪਲੈਕਸ ਅੱਗ ਦਾ ਬਲਣਾ ਜਾਰੀ ਹੈ । ਇਸ ਅੱਗ ਦੇ ਨਾਲ ਕੈਲੀਫੋਰਨੀਆ ਦੇ ਸਿਕੋਆ ਨੈਸ਼ਨਲ ਪਾਰਕ ’ਚ ਵਿਸ਼ਾਲ ਸੇਕੁਆਇਸ ਦਰੱਖਤਾਂ ਲਈ ਖ਼ਤਰਾ ਪੈਦਾ ਹੋ ਗਿਆ ਹੈ, ਇਸ ਲਈ ਕੈਲੀਫੋਰਨੀਆ ਦੇ ਅਧਿਕਾਰੀਆਂ ਵੱਲੋਂ ਇਨ੍ਹਾਂ ਵਿਸ਼ਾਲ ਦਰੱਖਤਾਂ ਨੂੰ ਦੇਖਣ ਲਈ ਸਿਕੋਆ ਨੈਸ਼ਨਲ ਪਾਰਕ ਦਾ ਦੌਰਾ ਕੀਤਾ ਗਿਆ। ਕਿੰਗਸ ਅਤੇ ਸਿਕੋਆ ਨੈਸ਼ਨਲ ਪਾਰਕ ਲਈ ਨੈਸ਼ਨਲ ਪਾਰਕ ਸਰਵਿਸ (ਐੱਨ. ਪੀ. ਐੱਸ.) ਦੀ ਪ੍ਰਤੀਨਿਧੀ ਕ੍ਰਿਸਟੀ ਬ੍ਰਿੰਘਹੈਮ ਅਨੁਸਾਰ 2020 ’ਚ ਕੈਸਲ ਫਾਇਰ ਵਿਚ 7,000-10,000 ਵਿਸ਼ਾਲ ਸੀਕੋਆਇਸ ਸੜ ਗਏ ਸਨ ਅਤੇ ਹੁਣ ਉਹ ਬਚੇ ਹੋਏ ਦਰੱਖਤਾਂ ਪ੍ਰਤੀ ਆਪਣੀ ਚਿੰਤਾ ਪ੍ਰਗਟ ਕਰ ਰਹੀ ਹੈ। ਬ੍ਰਿੰਘਹੈਮ ਅਨੁਸਾਰ ਕੇ. ਐੱਨ. ਪੀ. ਕੰਪਲੈਕਸ ਅੱਗ ਨੇ ਘੱਟੋ-ਘੱਟ ਚਾਰ ਸੇਕੁਆਇਸ ਦਰੱਖਤਾਂ ਨੂੰ ਪ੍ਰਭਾਵਿਤ ਕੀਤਾ ਹੈ ਪਰ ਇਹ ਦੱਸਣਾ ਅਜੇ ਮੁਸ਼ਕਿਲ ਹੈ ਕਿ ਕਿੰਨੇ ਵਿਸ਼ਾਲ ਦਰੱਖਤਾਂ ਨੂੰ ਅੱਗ ਲੱਗੀ ਹੈ।
ਉਸ ਅਨੁਸਾਰ ਵਿਸ਼ਵ ਦਾ ਦੂਜਾ ਸਭ ਤੋਂ ਵੱਡਾ ਰੁੱਖ ਜਨਰਲ ਗ੍ਰਾਂਟ ਅਜੇ ਸੁਰੱਖਿਅਤ ਹੈ। ਪਾਰਕ ਅਤੇ ਫਾਇਰ ਅਫਸਰ ਸਪ੍ਰਿੰਕਲਰ ਅਤੇ ਫਾਇਰ-ਰੋਧਕ ਰੈਪ ਸਮੇਤ ਕਈ ਤਰੀਕਿਆਂ ਦੀ ਵਰਤੋਂ ਕਰਕੇ ਜਨਰਲ ਗ੍ਰਾਂਟ ਦੀ ਰੱਖਿਆ ਕਰਨ ’ਚ ਸਮਰੱਥ ਸਨ। ਇਸ ਤੋਂ ਇਲਾਵਾ ਇਸ ਮੌਕੇ ਅਧਿਕਾਰੀਆਂ ਨੇ ਦੱਸਿਆ ਕਿ ਆਉਣ ਵਾਲੇ ਹਫਤਿਆਂ ’ਚ ਫਾਇਰ ਕਰਮਚਾਰੀ ਹੈਲੀਕਾਪਟਰਾਂ ਅਤੇ ਡਰੋਨ ਤਕਨਾਲੋਜੀ ਦੀ ਵਰਤੋਂ ਕਰ ਕੇ ਖੇਤਰ ਦਾ ਨਕਸ਼ਾ ਬਣਾਉਣਗੇ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਕਿੰਨੇ ਵਿਸ਼ਾਲ ਸੇਕੁਆਇਸ ਸੜ ਗਏ ਹਨ।