ਸ਼ਰਧਾਲੂਆਂ ਨਾਲ ਭਰੀ ਬੱਸ ਹਾਦਸਾਗ੍ਰਸਤ, 28 ਲੋਕਾਂ ਦੀ ਦਰਦਨਾਕ ਮੌਤ
Wednesday, Aug 21, 2024 - 11:05 AM (IST)
ਤਹਿਰਾਨ,(ਏਜੰਸੀ): ਈਰਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਸ਼ੀਆ ਸ਼ਰਧਾਲੂਆਂ ਨੂੰ ਪਾਕਿਸਤਾਨ ਤੋਂ ਇਰਾਕ ਲਿਜਾ ਰਹੀ ਇਕ ਬੱਸ ਮੱਧ ਈਰਾਨ ਵਿਚ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਵਿਚ ਘੱਟੋ-ਘੱਟ 28 ਲੋਕਾਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।ਸਰਕਾਰੀ-ਸਮਾਚਾਰ ਏਜੰਸੀ ਆਈ.ਆਰ.ਐਨ.ਏ ਅਨੁਸਾਰ ਇੱਕ ਸਥਾਨਕ ਐਮਰਜੈਂਸੀ ਅਧਿਕਾਰੀ ਮੁਹੰਮਦ ਅਲੀ ਮਲਕਜ਼ਾਦੇਹ ਨੇ ਦੱਸਿਆ ਕਿ ਇਹ ਹਾਦਸਾ ਮੱਧ ਈਰਾਨ ਦੇ ਯਜ਼ਦ ਸੂਬੇ ਵਿੱਚ ਮੰਗਲਵਾਰ ਰਾਤ ਵਾਪਰਿਆ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ 23 ਹੋਰ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ 14 ਦੀ ਹਾਲਤ ਗੰਭੀਰ ਹੈ। ਹਾਦਸੇ ਦੇ ਸਮੇਂ ਬੱਸ 'ਚ 51 ਲੋਕ ਸਵਾਰ ਸਨ। ਸ਼ਰਧਾਲੂ ਅਰਬੇਨ ਦੀ ਯਾਦ ਵਿਚ ਇਰਾਕ ਜਾ ਰਹੇ ਸਨ, ਜੋ ਕਿ 7ਵੀਂ ਸਦੀ ਵਿਚ ਇਕ ਸ਼ੀਆ ਸੰਤ ਦੀ ਮੌਤ ਤੋਂ ਬਾਅਦ 40ਵੇਂ ਦਿਨ ਨੂੰ ਦਰਸਾਉਂਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਸੜ ਜਾਵੇਗਾ ਸੁਨੀਤਾ ਵਿਲੀਅਮਸ ਦਾ ਪੁਲਾੜ ਯਾਨ ... ਅਮਰੀਕੀ ਪੁਲਾੜ ਮਾਹਰ ਨੇ ਦਿੱਤੀ ਚਿਤਾਵਨੀ
ਈਰਾਨ ਦੀ ਸਰਕਾਰੀ ਸਮਾਚਾਰ ਏਜੰਸੀ ਆਈ.ਆਰ.ਐਨ.ਏ ਨੇ ਸਥਾਨਕ ਐਮਰਜੈਂਸੀ ਸੇਵਾਵਾਂ ਦੇ ਅਧਿਕਾਰੀ ਮੁਹੰਮਦ ਅਲੀ ਮਲਕਜ਼ਾਦੇਹ ਦੇ ਹਵਾਲੇ ਨਾਲ ਕਿਹਾ ਕਿ ਇਹ ਹਾਦਸਾ ਰਾਜਧਾਨੀ ਤਹਿਰਾਨ ਤੋਂ ਲਗਭਗ 500 ਕਿਲੋਮੀਟਰ (310 ਮੀਲ) ਦੱਖਣ-ਪੂਰਬ ਵਿਚ ਯਜ਼ਦ ਸੂਬੇ ਦੇ ਟਾਫਟ ਸ਼ਹਿਰ ਦੇ ਬਾਹਰਵਾਰ ਮੰਗਲਵਾਰ ਦੇਰ ਰਾਤ ਵਾਪਰਿਆ। ਉਨ੍ਹਾਂ ਦੱਸਿਆ ਕਿ ਹਾਦਸੇ ਦੇ ਸਮੇਂ ਬੱਸ ਵਿੱਚ ਕੁੱਲ 51 ਲੋਕ ਸਵਾਰ ਸਨ ਅਤੇ ਇਹ ਸਾਰੇ ਪਾਕਿਸਤਾਨ ਦੇ ਵਸਨੀਕ ਹਨ। ਈਰਾਨ ਦੇ ਸਰਕਾਰੀ ਨਿਊਜ਼ ਚੈਨਲ ਨੇ ਹਾਦਸੇ ਲਈ ਬੱਸ ਦੇ ਬ੍ਰੇਕ ਫੇਲ ਹੋਣ ਅਤੇ ਡਰਾਈਵਰ ਦੀ ਲਾਪਰਵਾਹੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪਾਕਿਸਤਾਨ 'ਚ ਸਥਾਨਕ ਸ਼ੀਆ ਨੇਤਾ ਕਮਰ ਅੱਬਾਸ ਦੇ ਹਵਾਲੇ ਨਾਲ ਇਕ ਖਬਰ 'ਚ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਹਾਦਸੇ 'ਚ ਘੱਟੋ-ਘੱਟ 35 ਲੋਕ ਮਾਰੇ ਗਏ ਹਨ।
ਅੱਬਾਸ ਨੇ ਦੱਸਿਆ ਕਿ ਬੱਸ ਪਾਕਿਸਤਾਨ ਦੇ ਦੱਖਣੀ ਸਿੰਧ ਸੂਬੇ ਦੇ ਲਰਕਾਨਾ ਸ਼ਹਿਰ ਤੋਂ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਸੀ। ਇਸ ਘਟਨਾ 'ਤੇ ਪਾਕਿਸਤਾਨ ਸਰਕਾਰ ਵੱਲੋਂ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਪਾਕਿਸਤਾਨੀ ਸ਼ਰਧਾਲੂ ਅਰਬੇਨ ਲਈ ਇਰਾਕ ਜਾ ਰਹੇ ਸਨ। ਅਰਬੀਨ ਇਸਲਾਮੀ ਇਤਿਹਾਸ ਦੀ ਪਹਿਲੀ ਸਦੀ ਦੌਰਾਨ ਕਰਬਲਾ ਦੀ ਲੜਾਈ ਵਿੱਚ ਪੈਗੰਬਰ ਮੁਹੰਮਦ ਦੇ ਪੋਤੇ ਹੁਸੈਨ ਦੀ ਸ਼ਹਾਦਤ ਦੇ 40ਵੇਂ ਦਿਨ ਦੀ ਯਾਦ ਵਿੱਚ ਇੱਕ ਰਸਮ ਹੈ। ਹੁਸੈਨ ਨੂੰ ਪੈਗੰਬਰ ਮੁਹੰਮਦ ਦਾ ਸਹੀ ਉੱਤਰਾਧਿਕਾਰੀ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਜਦੋਂ ਹੁਸੈਨ ਨੇ ਉਮਯ ਸ਼ਾਸਕ ਯਜ਼ੀਦ ਪਹਿਲੇ ਦਾ ਸਾਥ ਦੇਣ ਤੋਂ ਇਨਕਾਰ ਕਰ ਦਿੱਤਾ, ਤਾਂ ਕਰਬਲਾ ਵਿਚ ਲੜਾਈ ਹੋਈ, ਜਿਸ ਵਿਚ ਹੁਸੈਨ ਅਤੇ ਉਸ ਦੇ ਕੁਝ ਸਾਥੀ ਸ਼ਹੀਦ ਹੋ ਗਏ। ਹਰ ਸਾਲ ਦੁਨੀਆ ਭਰ ਤੋਂ ਲੱਖਾਂ ਸ਼ਰਧਾਲੂ ਅਰਬੀਨ ਲਈ ਇਰਾਕ ਦੇ ਕਰਬਲਾ ਵਿੱਚ ਇਕੱਠੇ ਹੁੰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।