ਚੀਨ ''ਚ ਲੀਹੋਂ ਲੱਥੀ ਬੁਲੇਟ ਟਰੇਨ, ਡਰਾਈਵਰ ਦੀ ਮੌਤ, 7 ਯਾਤਰੀ ਜ਼ਖ਼ਮੀ
Saturday, Jun 04, 2022 - 01:56 PM (IST)
ਬੀਜਿੰਗ (ਏਜੰਸੀ)- ਦੱਖਣੀ-ਪੱਛਮੀ ਚੀਨ ਦੇ ਗੁਈਝੂਓ ਸੂਬੇ ਵਿੱਚ ਸ਼ਨੀਵਾਰ ਨੂੰ ਜ਼ਮੀਨ ਖਿਸਕਣ ਤੋਂ ਬਾਅਦ ਇੱਕ “ਹਾਈ ਸਪੀਡ ਟਰੇਨ” ਪਟੜੀ ਤੋਂ ਉਤਰ ਗਈ। ਹਾਦਸੇ 'ਚ ਟਰੇਨ ਡਰਾਈਵਰ ਦੀ ਮੌਤ ਹੋ ਗਈ, ਜਦਕਿ ਘੱਟੋ-ਘੱਟ 7 ਯਾਤਰੀ ਜ਼ਖ਼ਮੀ ਹੋ ਗਏ। ਸਰਕਾਰੀ ਅਖ਼ਬਾਰ ਚਾਈਨਾ ਡੇਲੀ ਦੀ ਖ਼ਬਰ ਮੁਤਾਬਕ ਚੀਨ ਦੇ ਦੱਖਣ-ਪੱਛਮੀ ਗੁਈਆਂਗ ਸੂਬੇ ਤੋਂ ਦੱਖਣੀ ਸੂਬੇ ਗੁਆਂਗਝੂ ਜਾ ਰਹੀ ਬੁਲੇਟ ਟਰੇਨ ਡੀ2809 ਦੇ 2 ਡੱਬੇ ਰੋਂਗਜਿਆਂਗ ਸਟੇਸ਼ਨ 'ਤੇ ਅਚਾਨਕ ਹੋਏ ਜ਼ਮੀਨ ਖਿਸਕਣ ਕਾਰਨ ਪਟੜੀ ਤੋਂ ਉਤਰ ਗਏ। ਇਸ ਹਾਦਸੇ ਵਿੱਚ ਟਰੇਨ ਡਰਾਈਵਰ ਦੀ ਮੌਤ ਹੋ ਗਈ।
ਸਾਰੇ ਜ਼ਖਮੀ ਯਾਤਰੀਆਂ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਅਤੇ ਹੋਰ 136 ਯਾਤਰੀਆਂ ਨੂੰ ਸੁਰੱਖਿਅਤ ਸਥਾਨ 'ਤੇ ਪਹੁੰਚਾਇਆ ਗਿਆ। ਮੌਕੇ 'ਤੇ ਬਚਾਅ ਕਾਰਜ ਜਾਰੀ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਖ਼ਬਰਾਂ ਵਿੱਚ ਕਿਹਾ ਗਿਆ ਹੈ ਕਿ ਰੋਂਗਜਿਆਂਗ ਸਟੇਸ਼ਨ ਗੁਈਝੂਓ ਦੀ ਰੋਂਗਜਿਆਂਗ ਕਾਉਂਟੀ ਵਿੱਚ ਸਥਿਤ ਹੈ ਅਤੇ ਚੀਨੀ ਰੇਲਵੇ ਦੇ ਚੇਂਗਦੂ ਬਿਊਰੋ ਦੁਆਰਾ ਪ੍ਰਬੰਧਿਤ ਕਲਾਸ III ਦਾ ਇਕ ਸਟੇਸ਼ਨ ਹੈ। ਇਸ ਦਾ ਨਿਰਮਾਣ ਦਸੰਬਰ 2013 ਵਿੱਚ ਸ਼ੁਰੂ ਹੋਇਆ ਸੀ ਅਤੇ 26 ਦਸੰਬਰ 2014 ਨੂੰ ਇੱਥੋਂ ਰੇਲ ਸੰਚਾਲਨ ਅਧਿਕਾਰਤ ਤੌਰ 'ਤੇ ਸ਼ੁਰੂ ਹੋਇਆ।