ਬ੍ਰਿਟੇਨ 'ਚ ਟੁੱਟੀ 300 ਸਾਲ ਪੁਰਾਣੀ ਪਰੰਪਰਾ, ਬਕਿੰਘਮ ਪੈਲੇਸ ਨੂੰ ਮਿਲੀ ਪਹਿਲੀ ਔਰਤ ਹੈੱਡ ਗਾਰਡ

06/27/2017 1:40:04 PM

ਲੰਡਨ— ਕੈਨੇਡਾ ਮੂਲ ਦੀ 24 ਸਾਲਾ ਸੈਨਿਕ ਕੈਪਟਨ ਮੇਗਨ ਕਾਉਟੋ ਨੇ ਬ੍ਰਿਟੇਨ ਦੀ 300 ਸਾਲ ਪੁਰਾਣੀ ਪਰੰਪਰਾ ਤੋੜਦੇ ਹੋਏ ਸੋਮਵਾਰ ਨੂੰ ਇਤਿਹਾਸ ਰਚ ਦਿੱਤਾ। ਉਹ ਬਕਿੰਘਮ ਪੈਲੇਸ ਦੀ ਸੁਰੱਖਿਆ 'ਚ ਤੈਨਾਤ ਟਰੂਪ ਦੀ ਕਮਾਂਡ ਕਰਨ ਵਾਲੀ ਪਹਿਲੀ ਔਰਤ ਬਣ ਗਈ ਹੈ। ਮੇਗਨ ਤਿੰਨ ਜੁਲਾਈ ਤੱਕ ਇਹ ਭੂਮਿਕਾ ਸੰਭਾਲੇਗੀ।
ਸੋਮਵਾਰ ਨੂੰ ਉਨ੍ਹਾਂ ਨੇ ਵੇਲਿੰਗਟਨ ਬੈਰਕ ਤੋਂ ਬਕਿੰਘਮ ਪੈਲੇਸ ਤੱਕ ਮਾਰਚ ਕਰਦੇ ਹੋਏ ਟਰੂਪ ਨੂੰ ਕਮਾਂਡ ਕੀਤਾ ਅਤੇ ਅਹੁੱਦਾ ਸੰਭਾਲਿਆ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਬਕਿੰਘਮ ਪੈਲੇਸ ਬ੍ਰਿਟੇਨ ਦੀ ਮਹਾਰਾਣੀ ਏਲਿਜਾਬੇਥ ਦਾ ਨਿਵਾਸ ਸਥਾਨ ਹੈ। ਬ੍ਰਿਟਿਸ਼ ਆਰਮਡ ਫੋਰਸ 'ਚ ਔਰਤਾਂ ਦੀ ਭਰਤੀ 'ਤੇ ਪਾਬੰਦੀ ਸੀ। ਇਸ ਲਈ ਮਹਾਰਾਣੀ ਦੇ ਰੱਖਿਅਕ ਦੇ ਰੂਪ 'ਚ ਕੋਈ ਵੀ ਔਰਤ ਸੇਵਾ ਨਹੀਂ ਸੀ ਦੇ ਸਕਦੀ।
ਇਹ ਪਾਬੰਦੀ ਜੁਲਾਈ 2016 ਤੋਂ ਹਟਾ ਲਈ ਗਈ ਸੀ। ਇਸ ਮਗਰੋਂ ਇਹ ਪਹਿਲਾ ਮਾਮਲਾ ਹੈ ਜਦੋਂ ਮੇਗਨ ਦੀ ਨਿਯੁਕਤੀ ਕੀਤੀ ਗਈ ਹੈ। ਕੈਪਟਨ ਮੇਗਨ ਅਤੇ ਉਨ੍ਹਾਂ ਦੀ ਯੂਨਿਟ (ਰਾਜਕੁਮਾਰੀ ਪੈਟ੍ਰਿਸ਼ਿਆ ਲਾਈਟ ਇਨਫੇਂਟ੍ਰੀ) ਨੂੰ ਕੈਨੇਡਾ ਦੀ 150ਵੀਂ ਵਰ੍ਹੇਗੰਢ ਦੇ ਮੌਕੇ 'ਤੇ ਮਹਾਰਾਣੀ ਦੇ ਰੱਖਿਅਕ ਦੇ ਰੂਪ 'ਚ ਸੇਵਾ ਦੇਣ ਲਈ ਅਸਥਾਈ ਰੂਪ 'ਚ ਸੱਦਾ ਦਿੱਤਾ ਗਿਆ ਹੈ।


Related News