ਅਮਿੱਟ ਪੈੜਾਂ ਛੱਡ ਗਿਆ ਗੋਲਡਨ ਪੈਲੇਸ ਫਰਿਜ਼ਨੋ ਵਿਖੇ ਹੋਇਆ ਅਤਿ ਮਿਆਰੀ ਪ੍ਰੋਗਰਾਮ

Wednesday, Jun 19, 2024 - 12:02 PM (IST)

ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੀ ਕੈਲੇਫੋਰਨੀਆ ਸਟੇਟ ਦਾ ਸ਼ਹਿਰ ਫਰਿਜ਼ਨੋ ਸਮਾਜਿਕ ਅਤੇ  ਸਭਿਆਚਾਰਕ ਗਤੀਵਿਧੀਆਂ ਦਾ ਕੇਂਦਰ ਬਣ ਚੁਕਿਆ ਹੈ, ਜਿਥੇ ਹਰ ਵਰ੍ਹੇ ਵਿਸਾਖੀ, ਤੀਆਂ ਅਤੇ ਹੋਰ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਏ ਜਾਂਦੇ ਹਨ। ਪੰਜਾਬੀਆਂ ਦੀ ਰੂਹ ਨੂੰ ਸਕੂਨ ਦੇਣ ਲਈ ਕੁਲਦੀਪ ਅਤੇ ਗੈਰੀ ਦੀ ਜੋੜੀ ਨੇ ਫਰਿਜ਼ਨੋ ਵਿਖੇ ਬਹੁਤ ਹੀ ਖੂਬਸੂਰਤ ਗੋਲਡਨ ਪੈਲੇਸ ਬਣਾਇਆ ਹੋਇਆ ਹੈ, ਜਿਥੇ ਵੱਡੇ-ਵੱਡੇ ਪ੍ਰੋਗਰਾਮ, ਵਿਆਹ-ਸ਼ਾਦੀ, ਰਿਸੈਪਸ਼ਨ ਆਦਿ ਹੁੰਦੇ ਰਹਿੰਦੇ ਹਨ, ਜੋ ਕਿ ਪੰਜਾਬੀਆਂ ਦੀ ਸ਼ਾਨ ਦੇ ਸੂਚਕ ਹਨ। ਇਹ ਹਾਲ ਪੰਜਾਬੀਆਂ ਦੀ ਪਹਿਲੀ ਪਸੰਦ ਹੈ। ਜਿਥੇ ਪੰਜਾਬੀ ਅਮਲੀ ਤੌਰ 'ਤੇ ਪੰਜਾਬੀਅਤ ਦੇ ਰੰਗ ਵਿਚ ਰੰਗੇ ਹੋਏ ਦਿਸਦੇ ਹਨ। ਕੁਲਦੀਪ ਅਤੇ ਗੈਰੀ ਦੀ ਜੋੜੀ ਨੇ ਇਹ ਮਹਿਸੂਸ ਕਰਦਿਆਂ ਕਿ ਪੰਜਾਬੀਆਂ ਦੀ ਅਗਲੀ ਪੀੜ੍ਹੀ ਪੰਜਾਬੀਅਤ ਦੇ ਰੰਗ ਵਿਚ ਰੰਗੀ ਰਹੇ, ਉਨ੍ਹਾਂ ਨੇ ਬਹੁਤ ਹੀ ਸ਼ਾਲਘਾਯੋਗ ਉਪਰਾਲਾ ਕਰਕੇ ਪੰਜਾਬੀ ਸਭਿਆਚਾਰ ਨੂੰ ਜਿਊਂਦੇ ਰੱਖਿਆ ਹੈ। ਉਨ੍ਹਾਂ ਦਾ ਹਰ ਯਤਨ ਹੁੰਦਾ ਹੈ ਕਿ ਇੱਥੇ ਪੰਜਾਬੀ ਪ੍ਰੋਗਰਾਮ ਹਮੇਸ਼ਾ ਹੁੰਦੇ ਰਹਿਣ। ਇਸ ਵਰ੍ਹੇ 16 ਜੂਨ ਉਦੋਂ ਯਾਦਗਾਰੀ ਹੋ ਨਿਬੜਿਆ ਜਦੋਂ ਇਸ ਹਾਲ ਵਿਚ ਸਵੇਰ 11.30 ਵਜੇ ਤੋਂ 7 ਵਜੇ ਤੱਕ ਤੀਆਂ ਅਤੇ ਬਰਾਈਡਲ ਐਕਸਪੋ 2024 ਪ੍ਰੋਗਰਾਮ ਪੂਰੀ ਸ਼ਾਨੋ-ਸ਼ੌਕਤ ਨਾਲ ਨੇਪਰੇ ਚੜ੍ਹਿਆ। ਇਹ ਪ੍ਰੋਗਰਾਮ ਸਿਰਫ਼ 'ਤੇ ਸਿਰਫ਼ ਬੱਚੀਆਂ ਅਤੇ ਬੀਬੀਆਂ ਭੈਣਾਂ ਲਈ ਆਯੋਜਿਤ ਕੀਤਾ ਗਿਆ ਸੀ। ਇਸ ਮੌਕੇ ਨਵਕੀਰਤ ਕੌਰ ਚੀਮਾਂ ਅਤੇ ਪੁਸ਼ਪਿੰਦਰ ਕੌਰ ਦਾ ਵਿਸ਼ੇਸ਼ ਸਹਿਯੋਗ ਰਿਹਾ।

ਇਸ ਪ੍ਰੋਗਰਾਮ ਲਈ ਐਂਟਰੀ ਮੁਫ਼ਤ ਸੀ। ਸਵੇਰੇ 10 ਵਜੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ। ਜਿਊਲਰੀ ਤੇ ਕੱਪੜਿਆਂ ਦੀਆਂ ਸਟਾਲਾਂ, ਡੈਕੋਰੇਸ਼ਨ ਸਟਾਲਾਂ ਅਤੇ ਖਾਣੇ ਦੀਆਂ ਸਟਾਲਾਂ ਬਿਲਕੁਲ ਸੈੱਟ ਸਨ। ਡੀ.ਜੇ. ਸੈੱਟ ਸੀ ਅਤੇ ਕੈਮਰੇ ਫੋਕਸ ਸਨ। 9.30 ਤੋਂ ਦਰਸ਼ਕ ਬੀਬੀਆਂ ਦੀ ਭੀੜ ਜੁੜਨੀ ਸ਼ੁਰੂ ਹੋ ਗਈ। ਦੁੱਧ ਸੋਡੇ ਦੀ ਛਬੀਲ ਅਤੇ ਠੰਡਾ ਛੱਕ ਕੇ ਬੀਬੀਆਂ ਹਾਲ ਵਿੱਚ ਦਾਖ਼ਲ ਹੁੰਦਿਆਂ ਹੀ ਅਸ਼-ਅਸ਼ ਕਰ ਉੱਠੀਆਂ। ਉਹ ਵਧੀਆ ਪ੍ਰਬੰਧ ਲਈ ਪ੍ਰਬੰਧਕਾਂ ਨੂੰ ਵਧਾਈ ਦੇ ਰਹੀਆਂ ਸਨ। ਕੁਲਦੀਪ ਕੌਰ ਨੇ ਜਦੋਂ ਅਦਬ ਸਹਿਤ 11.30 ਵਜੇ ਸਟੇਜਾਂ ਦੀ ਮਲਿਕਾ ਆਸ਼ਾ ਸ਼ਰਮਾ ਨੂੰ ਸਟੇਜ ਸੰਭਾਲਣ ਦਾ ਸੱਦਾ ਦਿੱਤਾ ਤਾਂ ਹਾਲ ਤਾੜੀਆਂ ਨਾਲ ਗੂੰਜ ਉਠਿਆ। ਸਟੇਜ 'ਤੇ ਆਉਂਦਿਆਂ ਹੀ ਉਨ੍ਹਾਂ ਆਪਣੇ ਵੱਖਰੇ ਅੰਦਾਜ਼ ਵਿਚ ਸਭ ਨੂੰ ਜੀ ਆਇਆਂ ਕਿਹਾ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਪ੍ਰੋਗਰਾਮ ਦੇ ਮੁਕਾਬਲਿਆਂ ਦੇ ਜੱਜਾਂ ਨੂੰ ਸਟੇਜ 'ਤੇ ਚੋਣਵੇਂ ਸ਼ਬਦਾਂ ਦੇ ਸੰਬੋਧਨ ਨਾਲ ਆਸ਼ਾ ਸ਼ਰਮਾ ਨੇ ਬੁਲਾਇਆ। ਡਾਕਟਰ ਮੋਨਿਕਾ ਚਾਹਲ ਵਾਇਸ ਪ੍ਰੈਜੀਡੈਂਟ ਕਲੋਵਿਸ ਕਮਿਊਨਿਟੀ ਕਾਲਜ, ਸ਼੍ਰੀਮਤੀ ਮਨਜੀਤ ਕੌਰ ਸੇਖੋ ਪ੍ਰਸਿੱਧ ਪੰਜਾਬੀ ਲੇਖਿਕਾ। ਜੋਤਨ ਗਿੱਲ ਪ੍ਰਸਿੱਧ ਬਿਜ਼ਨੈੱਸ ਵੋਮੇਨ, ਸ਼ਗਨ ਵੜੈਚ ਪ੍ਰਸਿੱਧ ਗਿੱਧਾ ਕੋਚ, ਜੋਤ ਰਣਜੀਤ ਸਿੰਗਰ ਨਵਪ੍ਰੀਤ ਗਿੱਲ, ਮਿਸ ਪੰਜਾਬਣ ਬੇਸਟ ਡਾਂਸਰ ਰਾਜ ਮਾਨ ਮਿਸਜ਼ ਪੰਜਾਬਣ 2019 ਜੱਜਾਂ ਵਜੋਂ ਸ਼ੁਸ਼ੋਵਤ ਹੋਏ। ਲਗਭਗ ਸੋ ਦੇ ਕਰੀਬ ਬਾਲ ਕਲਾਕਾਰਾਂ ਤੇ ਮੁਟਿਆਰਾਂ ਨੇ ਆਪਣੀ ਕਲਾਂ ਦੇ ਜੌਹਰ ਦਿਖਾਏ।

ਮੇਕ-ਅੱਪ, ਹੇਅਰ ਤੇ ਮਹਿੰਦੀ ਆਰਟਿਸਟ ਨੇ ਆਪਣੇ ਦੋ ਮੋਡਲ ਤਿਆਰ ਕਰਕੇ ਨਾਮਣਾ ਖੱਟਿਆ। ਰਮਨੀਤ ਕੌਰ, ਰਾਜਵਿੰਦਰ ਕੌਰ, ਡਾ: ਪ੍ਰਬਜੋਤ ਕੌਰ, ਪ੍ਰਭਜੋਤ ਕੌਰ ਤੇ ਸੰਦੀਪ ਗਿੱਲ ਦੇ ਨਾਮ ਜ਼ਿਕਰਯੋਗ ਹਨ। ਜੀ.ਐਚ.ਜੀ, ਦੀਆਂ ਮੁਟਿਆਰਾਂ ਨੇ ਗਿੱਧੇ ਦਾ ਪਿੜ ਬੰਨ੍ਹਿਆ। ਓਲਡ ਸਕੂਲ ਭੰਗੜਾ ਦੀ ਪੇਸ਼ਕਾਰੀ ਕਮਾਲ ਸੀ ਤੇ ਸੈਂਟਰਲ ਵਿਲੇ ਭੰਗੜਾ ਵਾਲਿਆਂ ਨੇ ਖੂਬ ਵਾਹ-ਵਾਹ ਖੱਟੀ। ਮਾਣਮੱਤੀਆਂ ਮਜਾਜਣਾਂ ਨੇ ਜਿਵੇਂ ਸਭ ਦਾ ਮਨ ਹੀ ਮੋਹ ਲਿਆ। ਸੰਗੀਤ ਮੁਕਾਬਲੇ ਵਿਚ ਰੂਬੀ ਰੈਡ ਅਤੇ ਰਮਨਦੀਪ ਗਿੱਲ ਨੇ ਕਮਾਲ ਦਾ ਰੰਗ ਬੰਨ੍ਹਿਆ। ਡੁਏਟ ਡਾਂਸ ਵਿੱਚ ਅੰਮ੍ਰਿਤ ਕੈਂਥ ਤੇ ਸਿਮਰਨ ਕੈਂਥ ਦੀ ਜੋੜੀ ਤੇ ਅਰੀਤ ਧਾਲੀਵਾਲ ਤੇ ਰੁਹਾਨੀ ਬਰਾੜ ਦੀ ਜੋੜੀ ਨੇ ਜੱਜਾਂ ਦੀ ਵੀ ਖੂਬ ਵਾਹ-ਵਾਹ ਖੱਟੀ। ਸੋਲੋ ਡਾਂਸ ਵਿੱਚ ਪ੍ਰੀਤ ਚੱਗਰ, ਸਰੀਨ ਸਿੱਧੂ, ਭਵਲੀਨ ਗਿੱਲ, ਐਸਲੀਨ ਜੌਹਲ, ਰਮਨੀਤ ਸੈਣੀ, ਨਮਰ ਚੀਮਾ ਤੇ ਕੋਮਲ ਢਿਲੋਂ ਨੇ ਕਮਾਲਾਂ ਕੀਤੀਆਂ। ਮਹਿੰਦੀ ਲਈ 'ਕਰਮਜੀਤ ਕੌਰ' ਨੇ ਤਾਂ ਸਭ ਦਾ ਮਨ ਹੀ ਮੋਹ ਲਿਆ। ਸਭ ਤੋਂ ਦਿਲਕਸ਼ ਮੁਕਾਬਲੇ ਸਨ ਆਟੇ ਦੇ ਪੇੜੇ ਬਣਾਉਣ ਦੇ, ਲਸਣ ਛਿੱਲਣ ਦੇ, ਬਟਨ ਲਗਾਉਣ ਦੇ । ਇਹਨਾ ਮੁਕਾਬਲਿਆਂ ਵਿੱਚ ਸਭ ਦਾ ਉਤਸ਼ਾਹ ਵੇਖਣ ਵਾਲਾ ਸੀ। ਸ਼ੌਕਣ ਮੁਟਿਆਰਾਂ ਦਾ ਕੀ ਕਹਿਣਾ ਸਨਮਾਨ ਕਮਲ ਬੀ ਨੂੰ ਦਿੱਤਾ ਗਿਆ। ਗੋਲਡਨ ਪੈਲੇਸ ਦੀ ਕੁਲਦੀਪ ਅਤੇ ਗੈਰੀ ਸਿੰਘ ਨੇ ਇਕ ਸੋ ਦੇ ਕਰੀਬ ਕਲਾਕਾਰਾਂ ਨੂੰ ਬਹੁਤ ਹੀ ਸੋਹਣੀਆਂ ਟ੍ਰਾਫੀਆਂ ਤੇ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ ਅਤੇ ਜੱਜਾਂ ਦਾ ਮਾਨ ਸਨਮਾਨ ਵੀ ਕੀਤਾ ਗਿਆ। ਪ੍ਰੋਗਰਾਮ ਵਿੱਚ ਦਿੱਤੀਆਂ ਟ੍ਰਾਫੀਆਂ ਬਹੁਤ ਹੀ ਖੂਬਸੂਰਤ ਸਨ, ਇਵੇਂ ਜਿਵੇਂ ਕੋਈ ਬਹੁਤ ਵੱਡੇ ਐਵਾਰਡ ਪ੍ਰੋਗਰਾਮਾਂ ਵਿੱਚ ਦਿੱਤੀਆਂ ਜਾਂਦੀਆਂ ਹਨ। ਠੀਕ ਤਿੰਨ ਵਜੇ ਤੋਂ ਸ਼ਾਮ ਦੇ ਸੱਤ ਵਜੇ ਤੱਕ ਡੀ.ਜੇ. ਬਲਦੇਵ, ਡੀ.ਜੇ. ਗੋਲਡੀ, ਡੀ. ਜੇ. ਗਿੱਲ, ਡੀਜੇ ਰਣਦੀਪ ਨੇ ਸੇਵਾ ਨਿਭਾਈ। ਫੋਟੋ ਅਤੇ ਵੀਡੀਓ ਦੀ ਸੇਵਾ ਡੇ ਐਂਡ ਨਾਈਟ ਦੇ ਰਾਮਾ ਫੋਟੋ ਵੀਡੀਓ ਵਲੋਂ ਨਿਭਾਈ ਗਈ। ਫੋਟੋਗ੍ਰਾਫੀ ਅਤੇ ਵੀਡੀਓ ਲਈ ਪਰਮਜੀਤ ਮੌਂਦ ਤੇ ਰਮਨ ਭੱਟੀ ਨੂੰ ਵੀ ਸਨਮਾਨ ਚਿੰਨ੍ਹ ਦਿੱਤੇ ਗਏ। ਇਸ ਮੌਕੇ ਮਨਜੀਤ ਕੌਰ ਸੇਖੋਂ ਦੀ ਪੁਸਤਕ 'ਵਿਆਹ ਰੀਤਾਂ ਦੀ ਅਮਰਵੇਲ ਬਦਲਦੇ ਰੂਪ' ਵੀ ਲੋਕ ਅਰਪਨ ਕੀਤੀ ਗਈ। ਕੁੱਲ ਮਿਲਾ ਕੇ ਇਹ ਪ੍ਰੋਗਰਾਮ ਆਪਣੀ ਹੀ ਕਿਸਮ ਦਾ ਬਹੁਤ ਹੀ ਮਿਆਰੀ ਪ੍ਰੋਗਰਾਮ ਸੀ ਜੋ ਫਰਿਜ਼ਨੋ ਦੇ ਸਭਿਆਚਾਰਕ ਮੰਚ 'ਤੇ ਗੋਲਡਨ ਪੈਲੇਸ ਵਿਖੇ ਨਵੇਂ ਕੀਰਤੀਮਾਨ ਸਿਰਜ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News